ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਰਾਹਤ ਮਿਲੀ ਹੈ। ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ 21 ਦਿਨਾਂ ਦੀ ਛੁੱਟੀ ਮਨਜ਼ੂਰ ਹੋ ਗਈ ਹੈ। ਰਾਮ ਰਹੀਮ ਮੰਗਲਵਾਰ ਸਵੇਰੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਵਾ ਆਸ਼ਰਮ ਪਹੁੰਚ ਗਏ ਹਨ।

ਬਰਨਾਵਾ ਆਸ਼ਰਮ ਪਹੁੰਚਣ ਤੋਂ ਬਾਅਦ ਰਾਮ ਰਹੀਮ ਨੇ 23 ਸੈਕਿੰਡ ਦਾ ਵੀਡੀਓ ਜਾਰੀ ਕੀਤਾ। ਜਿਸ ਵਿੱਚ ਕਿਹਾ ਗਿਆ – “ਪਿਆਰੀ ਸਾਧ ਸੰਗਤ ਜੀ, ਮੈਂ ਫਿਰ ਤੁਹਾਡੇ ਦਰਸ਼ਨਾਂ ਲਈ ਆਇਆ ਹਾਂ। ਸਾਰੀਆਂ ਸੰਗਤਾਂ ਨੇ ਆਪਣੇ ਘਰਾਂ ‘ਚ ਹੀ ਰਹਿਣਾ ਹੈ। ਕਿਸੇ ਨੇ ਵੀ ਡੇਰੇ ‘ਚ ਨਹੀਂ ਆਉਣਾ। ਜਿਵੇਂ ਹੀ ਸੇਵਾਦਾਰ ਭਰਾ ਤੁਹਾਨੂੰ ਦੱਸਣਗੇ, ਉਸੇ ਤਰ੍ਹਾਂ ਤੁਸੀਂ ਸੇਵਾ ਕਰਨੀ ਹੈ। ਮੇਰਾ ਅਸ਼ੀਰਵਾਦ ਸਭ ਦੇ ਨਾਲ ਹੈ”।

ਅਜੇ 2 ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਸੀ ਕਿ ਰਾਮ ਰਹੀਮ ਨੂੰ ਚੰਗੀ ਤਰ੍ਹਾਂ ਵਿਚਾਰ ਕਰਨ ਤੋਂ ਬਾਅਦ ਹੀ ਫਰਲੋ ਜਾਂ ਪੈਰੋਲ ਦਿੱਤੀ ਜਾਵੇ। ਇਸ ਤੋਂ ਬਾਅਦ ਸਰਕਾਰ ਨੇ ਰਾਮ ਰਹੀਮ ਨੂੰ ਇਸ ਸ਼ਰਤ ‘ਤੇ ਛੁੱਟੀ ਦੇ ਦਿੱਤੀ ਕਿ ਉਹ ਸਿਰਸਾ ਸਥਿਤ ਡੇਰਾ ਸੱਚਾ ਸੌਦਾ ‘ਚ ਨਹੀਂ ਜਾਵੇਗਾ। ਉਹ ਬਾਗਪਤ ਸਥਿਤ ਬਰਨਵਾ ਆਸ਼ਰਮ ‘ਚ 21 ਦਿਨ ਰੁਕਣਗੇ।

ਇਸ ਤੋਂ ਪਹਿਲਾਂ 10 ਅਗਸਤ ਨੂੰ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿੱਚ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਜਾਂ ਫਰਲੋ ਦੇਣ ‘ਤੇ ਸਵਾਲ ਉਠਾਏ ਗਏ ਸਨ। ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਰਾਜ ਸਰਕਾਰ ਅਜਿਹੇ ਮੁੱਦਿਆਂ ‘ਤੇ ਫੈਸਲੇ ਲੈਣ ਦੇ ਸਮਰੱਥ ਹੈ।