ਲਾਸ ਏਂਜਲਸ: ਰਾਜ ਸਿੰਘ ਬਧੇਸ਼ਾ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੀ ਫ਼੍ਰੈਜ਼ਨੋ ਕਾਊਂਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਜੱਜ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਕੋਈ ਵੀ ਦਸਤਾਰਧਾਰੀ ਸਿੱਖ ਇਸ ਕਾਊਂਟੀ ਦਾ ਜੱਜ ਨਿਯੁਕਤ ਨਹੀਂ ਹੋਇਆ। ਉਨ੍ਹਾਂ ਨੂੰ ਵੀਰਵਾਰ ਦੇਰ ਸ਼ਾਮੀਂ ਫ਼੍ਰੈਜ਼ਨੋ ਦੇ ਸਿਟੀ ਹਾਲ ’ਚ ਸੈਂਕੜੇ ਲੋਕਾਂ ਦੀ ਮੌਜੂਦਗੀ ਵਿਚ ਜੱਜ ਵਾਲਾ ਲੰਮਾ ਕਾਲਾ ਕੋਟ ਸੌਂਪਿਆ ਗਿਆ। ਕੈਲੀਫ਼ੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਬੀਤੀ 3 ਮਈ ਨੂੰ ਬਧੇਸ਼ਾ ਹੁਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਸ੍ਰੀ ਬਧੇਸ਼ਾ ਹੁਣ ਜੌਨ ਐਨ ਕੇਪਟਾਨ ਦੀ ਜਗ੍ਹਾ ਲੈਣਗੇ, ਜੋ ਸੇਵਾ-ਮੁਕਤ ਹੋ ਗਏ ਹਨ।
ਰਾਜ ਸਿੰਘ ਬਧੇਸ਼ਾ 2022 ਤੋਂ ਫ਼੍ਰੈਜ਼ਨੋ ਨਗਰ ਦੇ ਸਰਕਾਰੀ ਵਕੀਲ ਦੇ ਮੁੱਖ ਸਹਾਇਕ ਵਜੋਂ ਵਿਚਰਦੇ ਆ ਰਹੇ ਸਨ। ਉਂਝ ਉਹ ਇਸੇ ਦਫ਼ਤਰ ਨਾਲ 2012 ਤੋਂ ਜੁੜੇ ਰਹੇ ਹਨ। ਉਹ 2008 ਤੋਂ 2012 ਤੱਕ ਬੇਕਰ ਮੈਨੌਕ ਐਂਡ ਜੈਨਸਨ ’ਚ ਇੱਕ ਐਸੋਸੀਏਟ ਵਜੋਂ ਕੰਮ ਕਰਦੇ ਰਹੇ ਸਨ।
ਰਾਜ ਸਿੰਘ ਬਧੇਸ਼ਾ ਨੇ ਸਾਨ ਫ਼੍ਰਾਂਸਿਸਕੋ ਸਥਿਤ ਯੂਨੀਵਰਸਿਟੀ ਆਫ਼ ਕਾਲਜ ਆਫ਼ ਦਿ ਲਾੱਅ ਤੋਂ ਜਿਊਰਿਸ ਡਾਕਟਰ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੀ ਇਸ ਨਿਯੁਕਤੀ ਮੌਕੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਹੀ ਇਹ ਮੀਲ ਪੱਥਰ ਗਡਣਾ ਸੰਭਵ ਹੋ ਸਕਿਆ ਹੈ।