ਕੈਂਟ ਸਿਟੀ ਕੌਂਸਲ ਦੀ ਪ੍ਰੈਜ਼ੀਡੈਂਟ ਬਣੀ ਸਤਵਿੰਦਰ ਕੌਰ
ਕੈਂਟ ਸਿਟੀ : ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਪੰਜਾਬੀ ਮੂਲ ਦੀ ਸਤਵਿੰਦਰ ਕੌਰ ਨੇ ਕੈਂਟ ਸਿਟੀ ਕੌਂਸਲ ਦੀ ਪ੍ਰੈਜ਼ੀਡੈਂਟ ਬਣਦਿਆਂ ਇਤਿਹਾਸ ਸਿਰਜ ਦਿਤਾ ਹੈ। ਸਿਟੀ ਕੌਂਸਲ ਵਿਚ ਆਪਣੇ ਸੱਤਵੇਂ ਵਰ੍ਹੇ ਦੌਰਾਨ ਸਤਵਿੰਦਰ ਕੌਰ ਨੂੰ ਇਹ ਮਾਣ ਹਾਸਲ ਹੋਇਆ ਅਤੇ ਉਹ ਦੋ ਸਾਲ ਤੱਕ ਇਸ ਅਹੁਦੇ ’ਤੇ ਰਹਿਣਗੇ। ਪ੍ਰੈਜ਼ੀਡੈਂਟ ਵਜੋਂ ਕਾਰਜਕਾਲ ਮੁਕੰਮਲ ਕਰ ਚੁੱਕੇ ਬਿਲ ਬੌਇਸ ਨੇ ਸਤਵਿੰਦਰ ਕੌਰ ਦਾ ਨਾਂ ਪੇਸ਼ ਕੀਤਾ ਅਤੇ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਇਸ ’ਤੇ ਮੋਹਰ ਲਾ ਦਿਤੀ।

ਸਤਵਿੰਦਰ ਕੌਰ ਨੇ ਬਿਲ ਬੌਇਸ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਭਾਈਚਾਰੇ ਦੀ ਸੇਵਾ ਕਰਦਿਆਂ ਹਰ ਕਿਸਮ ਦੇ ਤਜਰਬੇ ਵਿਚ ਲੰਘਣ ਦਾ ਮੌਕਾ ਮਿਲਿਆ ਪਰ ਇਸ ਦੇ ਨਾਲ ਕੈਂਟ ਸਿਟੀ ਨੂੰ ਹਰ ਇਕ ਵਾਸਤੇ ਬਿਹਤਰੀਨ ਸ਼ਹਿਰ ਬਣਾਉਣ ਦੇ ਅਣਥੱਕ ਯਤਨ ਕੀਤੇ ਗਏ। ਇਥੇ ਦਸਣਾ ਬਣਦਾ ਹੈ ਕਿ ਸੱਤ ਮੈਂਬਰੀ ਕੌਂਸਲ ਕੈਂਟ ਸ਼ਹਿਰ ਵਾਸਤੇ ਨਿਯਮ ਕਾਨੂੰਨ ਬਣਾਉਣ ਦਾ ਕੰਮ ਕਰਦੀ ਹੈ ਅਤੇ ਸ਼ਹਿਰ ਦੇ ਬਜਟ ਸਣੇ ਹੋਰ ਵਿੱਤੀ ਖਰਚਿਆਂ ਨੂੰ ਪ੍ਰਵਾਨਗੀ ਦੀ ਜ਼ਿੰਮੇਵਾਰੀ ਕੌਂਸਲ ਕੋਲ ਹੈ। ਕੈਂਟ ਸਿਟੀ ਕੌਂਸਲ ਦੀ ਵੈਬਸਾਈਟ ਮੁਤਾਬਕ ਸਤਵਿੰਦਰ ਕੌਰ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਸਿੱਖਣ ਦੇ ਬਿਹਤਰੀਨ ਮੌਕੇ ਵਜੋਂ ਵੇਖ ਰਹੇ ਹਨ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਖਾਤਮੇ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸਤਵਿੰਦਰ ਕੌਰ ਨੇ ਕਿਹਾ ਕਿ ਉਹ ਪ੍ਰੈਜ਼ੀਡੈਂਟ ਵਜੋਂ ਆਪਣੇ ਕਾਰਜਕਾਲ ਦੌਰਾਨ ਨਵੀਆਂ ਪੈੜਾਂ ਛੱਡਣ ਦਾ ਯਤਨ ਕਰਨਗੇ ਅਤੇ ਅਜਿਹੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ ਜਿਨ੍ਹਾਂ ਬਾਰੇ ਪਹਿਲਾਂ ਕਦੇ ਸੋਚਿਆ ਨਾ ਗਿਆ ਹੋਵੇ।