ਟੋਰਾਂਟੋ ਸੰਨ ਦੀ ਰਿਪੋਰਟ ਅਨੁਸਾਰ ਇੱਕ ਘਰ ਦੀ ਗੈਹ ਕਨੂੰਨੀ ਬੇਸਮੈਂਟ ਵਿੱਚ ਗੈਰ ਕਨੂੰਨੀ ਢੰਗ ਨਾਲ਼ 25 ਇੰਟਰਨੈਸ਼ਨਲ ਸਟੂਡੈਂਟ ਰੱਖੇ ਹੋਏ ਸਨ। ਬਰੈਮਪਟਨ ਦੇ ਮੇਅਰ ਪੈਟਰਿਕ ਬਰਾਊਨ ਦੇ ਦੱਸਣ ਅਨੁਸਾਰ ਟਰਾਂਟੋ ਏਰੀਏ ਵਿੱਚ ਇੱਕ ਲੱਖ ਤੋਂ ਵੱਧ ਵਰਕ ਪਰਮਿਟ, ਇੰਟਰਨੈਸ਼ਨਲ ਸਟੂਡੈਂਟਸ ਤੇ ਰਿਫਊਜੀ ਸਟੇਟਸ ਵਾਲ਼ੇ ਗੈਰ ਕਨੂੰਨੀ ਬੇਸਮੈਂਟਾਂ ਆਦਿ ਵਿੱਚ ਬਹੁਤ ਖਤਰਨਾਕ ਹਾਲਾਤਾਂ ਵਿੱਚ ਰਹਿ ਰਹੇ ਹਨ। ਮੇਅਰ ਅਨੁਸਾਰ ਬਰੈਂਪਟਨ ਵਿੱਚ ਵੱਡੀ ਗਿਣਤੀ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਹਾਲਾਤ ਥਰਡ ਵਰਲਡ ਦੇਸ਼ਾਂ ਦੇ ਲੋਕਾਂ ਤੋਂ ਵੀ ਭੈੜੇ ਹਨ। ਮੇਅਰ ਅਨੁਸਾਰ ਸ਼ਹਿਰ ਵਿੱਚ 16 ਹਜ਼ਾਰ ਗੈਰ ਕਨੂੰਨੀ ਬੇਸਮੈਂਟਾਂ ਹਨ, ਜਿੱਥੇ ਸੇਫਟੀ ਤੇ ਸਫ਼ਾਈ ਪੱਖੋਂ ਹਾਲਾਤ ਬਹੁਤ ਹੀ ਬਦਤਰ ਹਨ। ਸਾਡੇ ਲੋਕ ਆਪ ਤਾਂ ਦੂਜੇ ਭਾਈਚਾਰਿਆਂ, ਸਰਕਾਰਾਂ ਤੇ ਮਾੜੀ ਮਾੜੀ ਗੱਲ ਲਈ ਧੱਕੇਸ਼ਾਹੀਆਂ, ਬੇਇਨਸਾਫੀਆਂ, ਗ਼ੁਲਾਮੀ ਦੇ ਇਲਜ਼ਾਮ ਲਗਾ ਕੇ ਧਰਨੇ ਮੁਜ਼ਾਹਰੇ ਮੋਰਚੇ ਲਾਈ ਰੱਖਦੇ ਹਨ। ਪਰ ਜਿੱਥੇ ਉਨ੍ਹਾਂ ਕੋਲ਼ ਆਪ ਥੋੜੀ ਜਿਹੀ ਵੀ ਪਾਵਰ ਹੁੰਦੀ ਹੈ, ਉੱਥੇ ਦੂਜਿਆਂ ਨੂੰ ਤਾਂ ਛੱਡੋ, ਆਪਣੇ ਪੰਜਾਬੀ ਸਿੱਖ ਬੱਚਿਆਂ, ਭਰਾਵਾਂ ਨਾਲ਼ ਦੁਰ ਵਿਵਹਾਰ ਕਰਨ, ਲੁੱਟਣ ਵਿੱਚ ਕੋਈ ਕਸਰ ਨਹੀ ਛੱਡਦੇ। ਸਵਾਰਥ ਤੇ ਲਾਲਚ ਸਾਡੀ ਬਹੁ-ਗਿਣਤੀ ਵਿੱਚ ਇਤਨਾ ਭਾਰੂ ਹੈ ਕਿ ਨੈਤਿਕ ਗਿਰਾਵਟ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਸਾਡੀ ਨੌਜਵਾਨੀ ਦਾ ਨਸ਼ਿਆਂ ‘ਚ ਗ਼ਲਤਾਨ ਹੋਣਾ, ਡਰੱਗ ਸਮਗਲਿੰਗ ਵਿੱਚ ਸ਼ਾਮਿਲ ਹੋਣਾ, ਗੈਂਗਵਾਰ, ਫਿਰੌਤੀਆਂ, ਚੋਰੀਆਂ, ਡਾਕਿਆਂ ਆਦਿ ਵਿੱਚ ਭਾਰੀ ਗਿਣਤੀ ਵਿੱਚ ਨਾਮਣਾ ਖੱਟਣਾ, ਸਾਡੇ ਸਮਾਜ ਦੀ ਦਿਨੋ ਦਿਨ ਵਧ ਰਹੀ ਨੈਤਿਕ ਗਿਰਵਾਟ ਦਾ ਨਿਸ਼ਾਨੀ ਹੈ। ਪਰ ਅਸੀ ਲੰਗਰਾਂ, ਨਗਰ ਕੀਰਤਨਾਂ, ਰੈਫਰੈਂਡਮਾਂ, ਕਬੱਡੀ ਟੂਰਨਾਮੈਂਟਾਂ, ਗਿੱਧਿਆਂ ਭੰਗੜਿਆਂ ਰਾਹੀਂ ਆਪਣੀ ਨੈਤਿਕਤਾ ਦਾ ਨੰਗ ਢੱਕਣਾ ਚਾਹੁੰਦੇ ਹਾਂ। ਜੇ ਸਾਡੀ ਲੀਡਰਸ਼ਿਪ ਥੋੜੀ ਜਿਹੀ ਇਮਾਨਦਾਰ ਵੀ ਹੋਵੇ ਤਾਂ ਸਭ ਕੁਝ ਛੱਡ ਕੇ ਕੌਮ ਦੀ ਰੁੜ ਰਹੀ ਨੌਜਵਾਨੀ ਨੂੰ ਸੰਭਾਲਣ ਲਈ ਸੰਜੀਦਾ ਯਤਨ ਕਰਨ। ਪਰ ਫਿਲਹਾਲ ਕਿਸੇ ਅਜਿਹੀ ਆਸ ਦੀ ਲੋੜ ਨਹੀ ਦਿਸਦੀ। ਹਰਚਰਨ ਸਿੰਘ ਪ੍ਰਹਾਰ