ਐਬਟਸਫੋਰਡ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਥਾਨਕ ਵਪਾਰੀਆਂ ਨੂੰ ਡਰਾ-ਧਮਕਾ ਕੇ ਫ਼ਿਰੌਤੀ (ਵਸੂਲੀ) ਮੰਗਣ ਵਾਲੇ ਗਿਰੋਹ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਐਬਟਸਫੋਰਡ ਪੁਲਿਸ ਡਿਪਾਰਟਮੈਂਟ ਦੀ ‘ਐਕਸਟੌਰਸ਼ਨ ਟਾਸਕ ਫੋਰਸ’ (Extortion Task Force) ਨੇ ਪੰਜਾਬੀ ਮੂਲ ਦੇ 22 ਸਾਲਾ ਨੌਜਵਾਨ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਦੋਸ਼ ਤੈਅ ਕਰ ਦਿੱਤੇ ਹਨ। ਅਦਾਲਤ ਵੱਲੋਂ 22 ਮਈ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਜਾਵੇਗੀ।
ਪੁਲਿਸ ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, ਗ੍ਰਿਫ਼ਤਾਰ ਕੀਤਾ ਗਿਆ ਗੁਰਸੇਵਕ ਸਿੰਘ ਜਨਤਾ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਹੈ ਅਤੇ ਉਸ ਖ਼ਿਲਾਫ਼ ਕਈ ਗੰਭੀਰ ਅਪਰਾਧਿਕ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੁਲਿਸ ਨੇ ਮੁਲਜ਼ਮ ਦੀ ਤਸਵੀਰ ਵੀ ਜਨਤਕ ਕੀਤੀ ਹੈ, ਤਾਂ ਜੋ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਤੋਂ ਪੀੜਤ ਹੋਰ ਲੋਕ ਜਾਂ ਗਵਾਹ ਸਾਹਮਣੇ ਆ ਸਕਣ।
ਐਬਟਸਫੋਰਡ ਪੁਲਿਸ ਪ੍ਰਸ਼ਾਸਨ ਨੇ ਕਿਹਾ, “ਭਾਈਚਾਰੇ ਨੂੰ ਹਿੰਸਾ ਅਤੇ ਡਰਾਉਣ-ਧਮਕਾਉਣ ਵਾਲੇ ਅਪਰਾਧੀਆਂ ਤੋਂ ਬਚਾਉਣਾ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ। ਅਸੀਂ ਅਜਿਹੇ ਅਪਰਾਧਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।”
ਪੁਲਿਸ ਨੇ ਗੁਰਸੇਵਕ ਸਿੰਘ ਨੂੰ ਕਿਵੇਂ ਕੀਤਾ ਕਾਬੂ?
ਗੁਰਸੇਵਕ ਸਿੰਘ ਦੀ ਗ੍ਰਿਫ਼ਤਾਰੀ ਪਿੱਛੇ ਪੁਲਿਸ ਦੀ ਮੁਸਤੈਦੀ ਅਤੇ ਤੁਰੰਤ ਐਕਸ਼ਨ ਸ਼ਾਮਲ ਸੀ। 17 ਦਸੰਬਰ ਦੀ ਰਾਤ ਨੂੰ ਕਰੀਬ 10:43 ਵਜੇ ਐਬਟਸਫੋਰਡ ਪੁਲਿਸ ਨੂੰ ਕਿੰਗ ਰੋਡ (31000 ਬਲਾਕ) ‘ਤੇ ਸਥਿਤ ਇੱਕ ਕਾਰੋਬਾਰੀ ਅਦਾਰੇ (Business Establishment) ‘ਤੇ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਫਾਇਰਿੰਗ ਦੀ ਪੁਸ਼ਟੀ ਹੋਈ, ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਨੇ ਸ਼ੱਕੀ ਹਮਲਾਵਰ ਦੀ ਕਾਰ ਦਾ ਹੁਲੀਆ ਨੋਟ ਕੀਤਾ ਅਤੇ ਡਿਊਟੀ ‘ਤੇ ਮੌਜੂਦ ਸਾਰੀਆਂ ਯੂਨਿਟਾਂ ਨੂੰ ਅਲਰਟ ਕਰ ਦਿੱਤਾ। ਕੁਝ ਹੀ ਦੇਰ ਵਿੱਚ ‘ਲੋਅਰ ਮੇਨਲੈਂਡ ਇੰਟੀਗ੍ਰੇਟਿਡ ਪੁਲਿਸ ਡੌਗ ਸਰਵਿਸ’ ਦੇ ਇੱਕ ਅਧਿਕਾਰੀ ਨੇ ਸ਼ੱਕੀ ਕਾਰ ਨੂੰ ਹਾਈਵੇਅ 1 (ਵਟਕਮ ਰੋਡ ਦੇ ਕੋਲ) ‘ਤੇ ਪੂਰਬ ਵੱਲ ਜਾਂਦੇ ਦੇਖਿਆ।
ਗੈਂਗ ਕਰਾਈਮ ਯੂਨਿਟ (GCU) ਨੇ ਬਿਨਾਂ ਕੋਈ ਮੌਕਾ ਗੁਆਏ ਕਾਰ ਨੂੰ ਚਾਰੋਂ ਪਾਸਿਓਂ ਘੇਰ ਲਿਆ। ਕਾਰ ਵਿੱਚ ਸਿਰਫ਼ ਡਰਾਈਵਰ ਮੌਜੂਦ ਸੀ, ਜਿਸ ਦੀ ਪਛਾਣ ਗੁਰਸੇਵਕ ਸਿੰਘ ਵਜੋਂ ਹੋਈ। ਖੁਦ ਨੂੰ ਪੁਲਿਸ ਦੇ ਘੇਰੇ ਵਿੱਚ ਦੇਖ ਕੇ ਗੁਰਸੇਵਕ ਨੇ ਬਿਨਾਂ ਕਿਸੇ ਵਿਰੋਧ ਦੇ ਮੌਕੇ ‘ਤੇ ਹੀ ਆਤਮਸਮਰਪਣ (ਸਰੈਂਡਰ) ਕਰ ਦਿੱਤਾ ਅਤੇ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
