ਕੈਨੇਡਾ ਤੋਂ ਲਗਾਤਾਰ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕੁੱਝ ਦਿਨ ਪਹਿਲਾਂ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਕੈਲਗਰੀ ‘ਚੋਂ ਪੰਜਾਬਣ ਕੁੜੀ ਦੀ ਸ਼ੱਕੀ ਹਾਲਾਤਾਂ ‘ਚ ਮ੍ਰਿਤਕ ਦੇਹ ਬਰਾਮਦ ਹੋਈ ਸੀ। ਪੁਲਿਸ ਨੂੰ ਕੁੱਝ ਦਿਨ ਪਹਿਲਾਂ ਨੌਰਥ ਈਸਟ ਦੇ ਰੈੱਡਸਟੋਨ ਕੌਮਨ ਇਲਾਕੇ ਵਿਚ ਇੱਕ ਲੜਕੀ ਦੇ ਤਕਲੀਫ਼ ਵਿਚ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਪਰ ਲੜਕੀ ਨੂੰ ਬਚਾਉਣ ਦੇ ਸਾਰੇ ਯਤਨ ਅਸਫਲ ਰਹੇ ਅਤੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਸੀ। ਕੈਲਗਰੀ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਪੁਲਿਸ ਨੂੰ ਮ੍ਰਿਤਕ ਲੜਕੀ ਦੀ ਪਛਾਣ ਹੋ ਗਈ ਹੈ। ਪੁਲਿਸ ਅਨੁਸਾਰ ਮ੍ਰਿਤਕ ਲੜਕੀ ਦਾ ਨਾਂ ਮਨਪ੍ਰੀਤ ਕੌਰ ਹੈ ਅਤੇ ਉਸ ਦੀ ਉਮਰ 25 ਸਾਲ ਸੀ।ਮੁੱਖ ਮੈਡੀਕਲ ਅਫਸਰ ਨੇ ਦੱਸਿਆ ਕਿ ਪੋਸਟਮਾਰਟਮ ਹੋਣ ਉਪਰੰਤ ਹੀ ਮ੍ਰਿਤਕਾ ਦੀ ਪਛਾਣ ਹੋਈ ਹੈ। ਇਹ ਘਟਨਾ ਰੈੱਡਸਟੋਨ ਕਾਮਨ ਬਲਾਕ 100 ਵਿਚ ਵਾਪਰੀ ਦੱਸੀ ਜਾ ਰਹੀ ਹੈ।ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਇਹ ਕੈਲਗਰੀ ਵਿਚ 2024 ਦੀ ਸੱਤਵੀਂ ਹੱਤਿਆ ਹੈ।ਉਸ ਇਲਾਕੇ ਵਿਚ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕਾ ਮਨਪ੍ਰੀਤ ਕੌਰ ਇਕ ਬੇਸਮੈਂਟ ਵਿਚ ਰਹਿੰਦੀ ਸੀ ਅਤੇ ਭਾਈਚਾਰੇ ਵਿਚ ਨਵੀਂ ਸੀ। ਪੁਲਿਸ ਵੱੱਲੋਂ ਹੋਰ ਜਾਣਕਾਰੀ ਇਕੱਤਰ ਕਰਨ ਲਈ ਇਲਾਕੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ।
ਦੱਸਦਈਏ ਕਿ ਇਸ ਮਾਮਲੇ ‘ਚ ਪੁਲਿਸ ਨੇ ਇੱਕ ਸ਼ੱਕੀ ਤੌਰ ‘ਤੇ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਸੀ ਪਰ ਪੁੱਛਗਿੱਛ ਤੋਂ ਬਾਅਦ ਉਸ ਵਿਅਕਤੀ ਨੂੰ ਬਿਨਾਂ ਕਿਸੇ ਚਾਰਜ ਦੇ ਛੱਡ ਦਿੱਤਾ ਗਿਆ। ਘਟਨਾ ਵਾਲੀ ਥਾਂ ਦੇ ਨੇੜੇ ਹੀ ਰਹਿੰਦੇ ਰੈੱਡਸਟੋਨ ਵਾਸੀ ਸਤਵੀਰ ਸਿੰਘ ਨੇ ਦੱਸਿਆ ਕਿ ਇਹ ਲੜਕੀ ਦੇ ਕਤਲ ਦੀ ਘਟਨਾ ਕਾਫੀ ਹੈਰਾਨ ਕਰਨ ਵਾਲੀ ਹੈ। ਸਤਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠਿਆ ਤੇ ਬਾਹਰ ਆਇਆ ਤਾਂ ਦੇਖਿਆ ਕਿ ਪੁਲਿਸ ਦੀਆਂ ਕਾਰਾਂ ਖੜੀਆਂ ਸਨ। ਉਨ੍ਹਾਂ ਨੇ ਇੱਕ ਵਿਅਕਤੀ ਨੂੰ ਕਾਰ ਵਿੱਚ ਬਿਠਾਇਆ ਤੇ ਨਾਲ ਲੈ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਂਢ-ਗੁਆਂਢ ਵਿਚ ਅਜਿਹਾ ਕਦੇ ਨਹੀਂ ਹੋਇਆ ਪਰ ਇਸ ਘਟਨਾ ਤੋਂ ਬਾਅਦ ਉਹ ਬਹੁਤ ਚਿੰਤਤ ਹਨ।