ਰੋਮ – ਇਟਲੀ ਦੇ ਸੂਬੇ ਕਲਾਬਰੀਆ ਦੇ ਸ਼ਹਿਰ ਰਿਜੋਕਲਾਬਰੀਆ ਵਿਖੇ ਇੱਕ ਪੰਜਾਬੀ ਭਾਰਤੀ ਤੋਂ ਘਰ ਵਿਚ ਗੈੱਸ ਸਿਲੰਡਰ ਥੋੜ੍ਹਾ ਖੁੱਲਾ ਰਹਿ ਗਿਆ ਜਿਸ ਨਾਲ ਕਿ ਇੱਕ ਵੱਡਾ ਹਾਦਸਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਵਾਸੀ ਪਟਿਆਲਾ ਪਿਛਲੇ ਕਾਫ਼ੀ ਸਮੇਂ ਤੋਂ ਇਟਲੀ ਦੇ ਸ਼ਹਿਰ ਰਿਜੋਕਲਾਬਰੀਆ ਕਰਿਆਨਾ ਸਟੋਰ ਚਲਾਉਂਦੇ ਹਨ ਤੇ ਘਰ ’ਚ ਇੱਕਲੇ ਹੀ ਰਹਿੰਦਾ ਸੀ। ਨਿਰਮਲ ਸਿੰਘ ਦਾ ਪਰਿਵਾਰ ਪੰਜਾਬ ’ਚ ਹੀ ਰਹਿ ਰਿਹਾ ਹੈ ਅਤੇ ਬੱਚੇ ਵੀ ਉੱਥੇ ਹੀ ਪੜ੍ਹਾਈ ਕਰ ਰਹੇ ਹਨ। ਕਰੀਬ 10-15 ਦਿਨ ਪਹਿਲਾਂ ਹੀ ਨਿਰਮਲ ਸਿੰਘ ਆਪਣੇ ਪਰਿਵਾਰ ਨੂੰ ਮਿਲ ਵਾਪਸ ਇਟਲੀ ਆਇਆ ਸੀ।
ਬੀਤੇ ਦਿਨ ਜਦੋਂ ਇਹ ਘਰੋਂ ਤਿਆਰ ਹੋ ਦੁਕਾਨ ਨੂੰ ਗਏ ਤਾਂ ਇਹਨਾਂ ਕੋਲੋਂ ਗੈੱਸ ਸਿਲੰਡਰ ਦਾ ਮੂੰਹ ਥੋੜ੍ਹਾ ਢਿੱਲਾ ਰਹਿ ਗਿਆ ਜਿਸ ਕਾਰਨ ਸਾਰਾ ਦਿਨ ਇਹ ਗੈੱਸ ਹੋਲੀ-ਹੋਲੀ ਰਿਸਦੀ ਰਹੀ ਤੇ ਜਦੋਂ ਨਿਰਮਲ ਸਿੰਘ ਰਾਤ ਨੂੰ ਦੁਕਾਨ ਤੋਂ ਘਰ ਆਇਆ ਤਾਂ ਘਰ ਦੀ ਲਾਈਟ ਜਗਾਉਂਦੇ ਹੀ ਵੱਡਾ ਧਮਾਕਾ ਹੋ ਗਿਆ। ਇਸ ਕਾਰਨ ਨਿਰਮਲ ਸਿੰਘ ਅੱਗ ’ਚ ਬੁਰੀ ਤਰ੍ਹਾਂ ਝੁਲਸ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐਬੂਲੈਂਸ ਆ ਗਈ। ਗੈੱਸ ਸਿਲੰਡਰ ਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਮਰੇ ਦੀਆਂ ਕੰਧਾਂ ਦਾ ਸੀਮੇਂਟ ਤੇ ਟਾਈਲਾਂ ਵਗੈਰਾ ਡਿੱਗ ਪਈਆਂ। ਇਸ ਘਟਨਾ ’ਚ ਨਿਰਮਲ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਹੜਾ ਕਿ ਇਸ ਸਮੇਂ ਪਲੇਰਮੋ ਦੇ ਹਸਤਪਾਲ ਵਿਖੇ ਜ਼ਿੰਦਗੀ ਅਤੇ ਮੌਤ ਨਾਲ ਲੜ੍ਹਦਾ ਜ਼ੇਰੇ ਇਲਾਜ਼ ਹੈ।