ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅੰਬਾਲਾ ਵਿੱਚ ਆਪਣੀ ਆਗਾਮੀ ਪੰਜਾਬੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਸ਼ੂਟਿੰਗ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਸ਼ੀਸ਼ੇ ਦੇ ਤੇ ਟੁਕੜੇ ਲੱਗਾ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਇਲਾਜ ਤੋਂ ਬਾਅਦ ਉਹ ਚੰਡੀਗੜ੍ਹ ਵਾਪਸ ਪਰਤ ਗਏ ਹਨ। ਫਿਲਹਾਲ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਹੈ।

ਸੂਤਰਾਂ ਅਨੁਸਾਰ, ਸ਼ੂਟਿੰਗ ਦੌਰਾਨ ਪਰਮੀਸ਼ ਵਰਮਾ ਆਪਣੀ ਕਾਰ ਵਿੱਚ ਬੈਠੇ ਸਨ। ਸ਼ੂਟਿੰਗ ਲਈ ਵਰਤੀ ਗਈ ਨਕਲੀ ਗੋਲੀ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਨਾਲ ਟਕਰਾਈ, ਜਿਸ ਨਾਲ ਸ਼ੀਸ਼ਾ ਟੁੱਟ ਗਿਆ ਅਤੇ ਇੱਕ ਟੁਕੜਾ ਉਨ੍ਹਾਂ ਦੇ ਚਿਹਰੇ ਨੂੰ ਜਾ ਲੱਗਾ।

ਹਾਲਾਂਕਿ ਇਸ ਮਾਮਲੇ ਦੀ ਅਧਿਕਾਰਤ ਪੁਸ਼ਟੀ ਅਜੇ ਨਹੀਂ ਹੋਈ, ਪਰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, “ਇਹ ਘਟਨਾ ਸ਼ੇਰਾ ਮੂਵੀ ਦੇ ਸੈੱਟ ‘ਤੇ ਵਾਪਰੀ। ਪਰਮਾਤਮਾ ਦੀ ਕਿਰਪਾ ਨਾਲ ਮੈਂ ਠੀਕ ਹਾਂ।”

ਪਹਿਲਾਂ ਹੋਇਆ ਸੀ ਹਮਲਾ

13 ਅਪ੍ਰੈਲ 2018 ਨੂੰ ਪਰਮੀਸ਼ ਵਰਮਾ ‘ਤੇ ਮੋਹਾਲੀ ਵਿੱਚ ਇੱਕ ਹੋਰ ਹਮਲਾ ਹੋਇਆ ਸੀ। ਉਸ ਸਮੇਂ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੀ ਕਾਰ ‘ਤੇ ਗੋਲੀਬਾਰੀ ਕੀਤੀ ਸੀ। ਇੱਕ ਗੋਲੀ ਪਰਮੀਸ਼ ਦੀ ਲੱਤ ਵਿੱਚ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਉਸ ਘਟਨਾ ਦੌਰਾਨ ਪਰਮੀਸ਼ ਰਾਤ ਨੂੰ ਚੰਡੀਗੜ੍ਹ ਤੋਂ ਇੱਕ ਪ੍ਰੋਗਰਾਮ ਤੋਂ ਬਾਅਦ ਸੈਕਟਰ-91, ਮੋਹਾਲੀ ਸਥਿਤ ਆਪਣੇ ਫਲੈਟ ਵੱਲ ਜਾ ਰਹੇ ਸਨ। ਗੈਂਗਸਟਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਸੈਕਟਰ-91 ਵਿੱਚ ਪਹੁੰਚ ਕੇ ਉਨ੍ਹਾਂ ਦੀ ਕਾਰ ਅੱਗੇ ਲਗਾ ਦਿੱਤੀ। ਫਿਰ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜ਼ਖਮੀ ਹੋਣ ਦੇ ਬਾਵਜੂਦ ਪਰਮੀਸ਼ ਨੇ 6 ਕਿਲੋਮੀਟਰ ਤੱਕ ਕਾਰ ਚਲਾਈ ਅਤੇ ਮੋਹਾਲੀ ਦੇ ਤਤਕਾਲੀ SSP ਕੁਲਦੀਪ ਸਿੰਘ ਚਾਹਲ ਨੂੰ ਸੂਚਿਤ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਜੁਲਾਈ 2018 ਵਿੱਚ ਇੱਕ ਐਨਕਾਊਂਟਰ ਦੌਰਾਨ ਗੈਂਗਸਟਰ ਦਿਲਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛਗਿੱਛ ਵਿੱਚ ਸਾਹਮਣੇ ਆਇਆ ਸੀ ਕਿ ਦਿਲਪ੍ਰੀਤ ਨੇ ਪਰਮੀਸ਼ ਵਰਮਾ ਤੋਂ 20 ਲੱਖ ਰੁਪਏ ਦੀ ਉਗਰਾਹੀ ਮੰਗੀ ਸੀ। ਇਹ ਮਾਮਲਾ ਅਜੇ ਵੀ ਮੋਹਾਲੀ ਅਦਾਲਤ ਵਿੱਚ ਚੱਲ ਰਿਹਾ ਹੈ।