ਵੈਨਕੂਵਰ: ਕੈਨੇਡਾ ਦੇ ਵੈਨਕੂਵਰ ਵਿੱਚ ਪੁਲੀਸ ਅਧਿਕਾਰੀ ਕਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇੱਕ ਸਾਥੀ ਸਮੇਤ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਵੈਨਕੂਵਰ ਪੁਲੀਸ ਬੋਰਡ ਨੇ ਉਸ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ। ਪੁਲੀਸ ਜਾਂਚ ਮੁਤਾਬਕ ਕੈਲ ਅਤੇ ਉਸ ਦੇ ਸਾਥੀ ਖ਼ਿਲਾਫ਼ ਕਥਿਤ ਤੌਰ ’ਤੇ 30 ਲੱਖ ਕੈਨੇਡੀਅਨ ਡਾਲਰ ਦੀ ਧੋਖਾਧੜੀ ਨਾਲ ਜੁੜੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ।
19 ਲੋਕਾਂ ਦੀਆਂ ਸ਼ਿਕਾਇਤਾਂ
ਵੈਨਕੂਵਰ ਪੁਲੀਸ ਦੇ ਮੁਖੀ ਸਤਵਿੰਦਰ ਸਿੰਘ ਰਾਏ ਉਰਫ਼ ਸਟੀਵ ਰਾਏ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਸ ਮਾਮਲੇ ਦੀ ਕਰੀਬ ਢਾਈ ਸਾਲ ਜਾਂਚ ਚੱਲੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪੁਲੀਸ ਕੋਲ ਪਹੁੰਚੇ ਅਤੇ ਕੈਲ ਵੱਲੋਂ ਉਨ੍ਹਾਂ ਦੀਆਂ ਰਕਮਾਂ ਦੱਬਣ ਸਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ।
ਹਾਲਾਂਕਿ ਪੁਲੀਸ ਮੁਖੀ ਮੁਤਾਬਕ, ਬਹੁਤੇ ਸ਼ਿਕਾਇਤਕਰਤਾ ਉਨ੍ਹਾਂ ਰਕਮਾਂ ਦੇ ਸਰੋਤ ਸਬੰਧੀ ਲੋੜੀਂਦੇ ਸਬੂਤ ਪੇਸ਼ ਨਹੀਂ ਕਰ ਸਕੇ। ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ ’ਤੇ 19 ਲੋਕਾਂ ਨਾਲ ਸਬੰਧਤ ਕਰੀਬ 30 ਲੱਖ ਡਾਲਰ ਦੀ ਕਥਿਤ ਧੋਖਾਧੜੀ ਦੇ ਸਬੂਤ ਮਿਲੇ।
ਇਸ ਦੇ ਆਧਾਰ ’ਤੇ ਕੈਲ ਦੋਸਾਂਝ ਖ਼ਿਲਾਫ਼ 9 ਅਤੇ ਉਸ ਦੇ ਸਾਥੀ ਖ਼ਿਲਾਫ਼ 8 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲੀਸ ਦੀ ਸਾਖ ’ਤੇ ਵੀ ਅਸਰ
ਸਟੀਵ ਰਾਏ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਵੈਨਕੂਵਰ ਪੁਲੀਸ ਦੀ ਸਾਖ ਨੂੰ ਝਟਕਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਵੈਨਕੂਵਰ ਪੁਲੀਸ ਦੇ ਲਗਭਗ 2500 ਅਧਿਕਾਰੀ ਲੋਕਾਂ ਦਾ ਭਰੋਸਾ ਅਤੇ ਸਤਿਕਾਰ ਕਾਇਮ ਰੱਖਣ ਲਈ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ।
ਪੁਲੀਸ ਮੁਖੀ ਨੇ ਕਿਹਾ ਕਿ ਉਹ ਖੁਦ ਵੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੁਰਾਹੇ ਪਏ ਨੌਜਵਾਨਾਂ ਨੂੰ ਸਹੀ ਰਾਹ ਦਿਖਾ ਕੇ ਨਾਮਣਾ ਖੱਟਣ ਵਾਲਾ ਵਿਅਕਤੀ ਅਜਿਹੇ ਮਾਮਲੇ ਵਿੱਚ ਕਿਵੇਂ ਫਸ ਗਿਆ।
ਬਿਨਾਂ ਤਨਖਾਹ ਮੁਅੱਤਲੀ ਦੀ ਸਿਫ਼ਾਰਸ਼
ਸਟੀਵ ਰਾਏ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲੀਸ ਬੋਰਡ ਨੂੰ ਕੈਲ ਦੋਸਾਂਝ ਨੂੰ ਬਿਨਾਂ ਤਨਖਾਹ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੈਲ ਖ਼ਿਲਾਫ਼ ਲੱਗੇ ਦੋਸ਼ਾਂ ਦਾ ਸਬੰਧ ਉਸ ਦੇ ਗੈਰ-ਮੁਨਾਫ਼ਾ ਸੇਵੀ ਸੰਗਠਨ ਨਾਲ ਹੈ ਜਾਂ ਨਹੀਂ, ਤਾਂ ਪੁਲੀਸ ਮੁਖੀ ਨੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਜਾਣ ਕਾਰਨ ਇਸ ਬਾਰੇ ਇਸ ਸਮੇਂ ਪੂਰਾ ਵੇਰਵਾ ਸਾਂਝਾ ਨਹੀਂ ਕੀਤਾ ਜਾ ਸਕਦਾ।
ਪੁਲੀਸ ਮੁਤਾਬਕ, ਇਸ ਕਥਿਤ ਘਪਲੇ ਦੀ ਸ਼ੁਰੂਆਤ 2017 ਦੇ ਆਸ-ਪਾਸ ਹੋਣ ਦਾ ਸ਼ੱਕ ਹੈ ਅਤੇ ਸਾਲ ਦਰ ਸਾਲ ਇਸ ਵਿੱਚ ਵਾਧਾ ਹੁੰਦਾ ਗਿਆ। ਪੁਲੀਸ ਨੂੰ ਇਸ ਸਬੰਧੀ ਸ਼ਿਕਾਇਤਾਂ ਦਸੰਬਰ 2023 ਵਿੱਚ ਮਿਲਣੀਆਂ ਸ਼ੁਰੂ ਹੋਈਆਂ ਸਨ ਅਤੇ ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
ਪੁਲੀਸ ਨੇ ਇਹ ਵੀ ਦੱਸਿਆ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਕਥਿਤ ਤੌਰ ’ਤੇ ਗੈਰਕਾਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕਰਨ ਵਾਲੇ ਵਿਭਾਗ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵਕੀਲ ਨੇ ਦੱਸਿਆ ਬੇਕਸੂਰ
ਦੂਜੇ ਪਾਸੇ ਕੈਲ ਦੋਸਾਂਝ ਦੇ ਵਕੀਲ ਨੇ ਆਪਣੇ ਮੁਵੱਕਲ ਨੂੰ ਬੇਕਸੂਰ ਦੱਸਿਆ ਹੈ। ਵਕੀਲ ਦਾ ਕਹਿਣਾ ਹੈ ਕਿ ਅਦਾਲਤ ਵੱਲੋਂ ਫ਼ੈਸਲਾ ਆਉਣ ਤੱਕ ਉਸ ਦੇ ਮੁਵੱਕਲ ਦੇ ਕਿਰਦਾਰ ’ਤੇ ਸਵਾਲ ਚੁੱਕਣਾ ਠੀਕ ਨਹੀਂ ਹੋਵੇਗਾ।
ਮਾਮਲਾ ਹੁਣ ਅਦਾਲਤੀ ਪ੍ਰਕਿਰਿਆ ਅਧੀਨ ਹੈ ਅਤੇ ਕੈਲ ਦੋਸਾਂਝ ਖ਼ਿਲਾਫ਼ ਲੱਗੇ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ।
