ਕਨੇਡਾ ਅਤੇ ਆਸਟਰੇਲੀਆ ਨੇ ਖਾਲੀ ਕੀਤੇ ਪੰਜਾਬ ਦੇ ਕਾਲਜ ਅਤੇ ਯੂਨੀਵਰਸਿਟੀਆਂ!
ਉੱਚ ਸਿੱਖਿਆ ਬਾਰੇ ਪੂਰੇ ਭਾਰਤ ਦੇ ਸਰਵੇ (ਏ.ਆਈ.ਐੱਸ.ਐੱਚ.ਈ.) ਦੀ ਰੀਪੋਰਟ 2021-22 ਦਰਸਾਉਂਦੀ ਹੈ ਕਿ ਪੰਜਾਬ ਤੋਂ ਕੈਨੇਡਾ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਵਿਚ ਨੌਜੁਆਨਾਂ ਦੇ ਵੱਡੇ ਪੱਧਰ ’ਤੇ ਪ੍ਰਵਾਸ ਕਾਰਨ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਅੰਦਰ ਦਾਖਲੇ ਵਿਚ ਕਮੀ ਆ ਰਹੀ ਹੈ। ਪਿਛਲੇ ਪੰਜ ਸਾਲਾਂ ’ਚ, ਘੱਟੋ-ਘੱਟ ਇਕ ਲੱਖ ਵਿਦਿਆਰਥੀਆਂ ਦੀ ਗਿਰਾਵਟ ਆਈ ਹੈ, ਹਾਲਾਂਕਿ ਪਿਛਲੇ ਸਾਲ ਦਾਖਲੇ ’ਚ ਥੋੜ੍ਹਾ ਜਿਹਾ ਵਾਧਾ ਹੋਇਆ ਹੈ। ਉੱਚ ਸਿੱਖਿਆ ’ਚ ਭਾਗੀਦਾਰੀ ਦੇ ਪੱਧਰ ਨੂੰ ਮਾਪਣ ਵਾਲਾ ਪੰਜਾਬ ਦਾ ਕੁਲ ਦਾਖਲਾ ਅਨੁਪਾਤ (ਜੀ.ਈ.ਆਰ.) ਵੀ ਕੌਮੀ ਔਸਤ ਨਾਲੋਂ ਘੱਟ ਗਿਆ ਹੈ। ਇਹ ਕੌਮੀ ਔਸਤ 28.4 ਦੇ ਮੁਕਾਬਲੇ 27.4 ਹੈ। ਇਹ ਅਨੁਪਾਤ 2017-18 ਦੇ 29.2 ਤੋਂ ਘਟ ਕੇ 2021-22 ’ਚ 27.4 ਹੋ ਗਿਆ ਹੈ।
ਪਿਛਲੇ ਪੰਜ ਸਾਲਾਂ ’ਚ ਪੰਜਾਬ ’ਚ ਸਾਰੇ ਪੱਧਰਾਂ (ਪੀ.ਐਚ.ਡੀ. ਨੂੰ ਛੱਡ ਕੇ) ’ਤੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ ਕਮੀ ਆਈ ਹੈ, ਪਰ 2020-21 ਦੇ ਮੁਕਾਬਲੇ 2021-22 ’ਚ ਥੋੜ੍ਹਾ ਸੁਧਾਰ ਹੋਇਆ ਹੈ। ਪੰਜਾਬ ’ਚ ਕੁਲ ਦਾਖਲਾ 2017-18 ’ਚ 9.59 ਲੱਖ ਤੋਂ ਘਟ ਕੇ 2021-22 ’ਚ 8.58 ਲੱਖ ਰਹਿ ਗਿਆ, ਜੋ ਕਿ 2020-21 ’ਚ 8.33 ਲੱਖ ਦੇ ਮੁਕਾਬਲੇ ਥੋੜ੍ਹਾ ਜਿਹਾ ਬਿਹਤਰ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਸਾਲ 2015 ’ਚ ਇਮੀਗ੍ਰੇਸ਼ਨ ’ਚ ਤੇਜ਼ੀ ਸ਼ੁਰੂ ਹੋਣ ਤੋਂ ਬਾਅਦ ਸੂਬੇ ਦੇ 40٪ ਤੋਂ ਵੱਧ ਪ੍ਰਵਾਸੀ ਸਟੱਡੀ ਵੀਜ਼ੇ ’ਤੇ ਕੈਨੇਡਾ ਗਏ ਸਨ। ਪੰਜਾਬ ਦਾ ਜੀ.ਈ.ਆਰ. ਨਾ ਸਿਰਫ ਕੌਮੀ ਔਸਤ ਤੋਂ ਹੇਠਾਂ ਹੈ ਬਲਕਿ ਗੁਆਂਢੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰ ਸੂਬਿਆਂ ਨਾਲੋਂ ਵੀ ਘੱਟ ਹੈ।
ਉੱਚ ਜੀ.ਈ.ਆਰ. ਵਾਲੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਚੰਡੀਗੜ੍ਹ, ਪੁਡੂਚੇਰੀ, ਦਿੱਲੀ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਉਤਰਾਖੰਡ, ਕੇਰਲ ਅਤੇ ਤੇਲੰਗਾਨਾ ਸ਼ਾਮਲ ਹਨ। ਅੰਡਰਗ੍ਰੈਜੂਏਟ ਕੋਰਸਾਂ ’ਚ ਵਿਦਿਆਰਥੀਆਂ ਦੀ ਗਿਣਤੀ 2017-18 ’ਚ 6.88 ਲੱਖ ਤੋਂ ਘਟ ਕੇ 2021-22 ’ਚ 6.13 ਲੱਖ ਹੋ ਗਈ ਹੈ, ਪਰ 2020-21 ’ਚ 5.86 ਲੱਖ ਤੋਂ ਥੋੜ੍ਹੀ ਜਿਹੀ ਸੁਧਾਰ ਹੋਇਆ ਹੈ। ਪੋਸਟ ਗ੍ਰੈਜੂਏਟ ਕੋਰਸਾਂ ’ਚ ਦਾਖਲਾ ਪੰਜ ਸਾਲਾਂ ’ਚ 1.17 ਲੱਖ ਤੋਂ ਘਟ ਕੇ 1.10 ਲੱਖ ਹੋ ਗਿਆ ਹੈ, ਪਰ 2020-21 ’ਚ ਇਹ 1.04 ਲੱਖ ਤੋਂ ਵੱਧ ਗਿਆ ਹੈ। ਡਿਪਲੋਮਾ ਅਤੇ ਪੀ.ਜੀ. ਡਿਪਲੋਮਾ ਕੋਰਸਾਂ ’ਚ ਦਾਖਲੇ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੈਨੇਟਰ ਹਰਪ੍ਰੀਤ ਦੁਆ ਦਾਖਲਿਆਂ ’ਚ ਕਮੀ ਦਾ ਕਾਰਨ ਪ੍ਰਵਾਸ ਨੂੰ ਦਸਦੇ ਹਨ ਅਤੇ ਮੰਨਦੇ ਹਨ ਕਿ ਪਿਛਲੇ ਸਾਲ ਦੇ ਮੁਕਾਬਲੇ ਗਿਣਤੀ ’ਚ ਥੋੜ੍ਹਾ ਜਿਹਾ ਵਾਧਾ ਹੋਣ ਦੇ ਬਾਵਜੂਦ ਸਥਿਤੀ ਚਿੰਤਾਜਨਕ ਬਣੀ ਹੋਈ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੈਨੇਟਰ ਹਰਪ੍ਰੀਤ ਦੁਆ ਦਾ ਕਹਿਣਾ ਹੈ ਕਿ ਦਾਖਲਿਆਂ ਦੀ ਗਿਣਤੀ ’ਚ ਥੋੜ੍ਹਾ ਜਿਹਾ ਵਾਧਾ ਆਬਾਦੀ ਦੇ ਵਾਧੇ ਕਾਰਨ ਹੋਇਆ ਹੈ, ਪਰਵਾਸ ’ਚ ਕਮੀ ਕਾਰਨ ਨਹੀਂ। ਉਹ ਦਸਦੇ ਹਨ ਕਿ ਭਾਵੇਂ ਵਿਦਿਆਰਥੀ ਪੰਜਾਬ ਦੇ ਕੋਰਸਾਂ ’ਚ ਦਾਖਲਾ ਲੈਂਦੇ ਹਨ, ਪਰ ਬਹੁਤ ਸਾਰੇ ਵਿਦੇਸ਼ਾਂ, ਖਾਸ ਕਰ ਕੇ ਕੈਨੇਡਾ ਅਤੇ ਆਸਟਰੇਲੀਆ ਜਾਣ ਲਈ ਅੱਧ ਵਿਚਕਾਰ ਹੀ ਛੱਡ ਦਿੰਦੇ ਹਨ। ਦੁਆ ਨੇ ਕਿਹਾ ਕਿ ਇਹ ਬਿਹਤਰ ਸਿੱਖਿਆ ਜਾਂ ਪਾਠਕ੍ਰਮ ਲਈ ਨਹੀਂ ਹੈ, ਕਿਉਂਕਿ ਪੰਜਾਬ ਦਾ ਪਾਠਕ੍ਰਮ ਅਤੇ ਕੋਰਸ ਸਮੱਗਰੀ ਕੈਨੇਡਾ ਜਾਂ ਹੋਰ ਦੇਸ਼ਾਂ ਨਾਲੋਂ ਘੱਟ ਨਹੀਂ ਹੈ। ਇਸ ਦੀ ਬਜਾਏ, ਵਿਦਿਆਰਥੀ ਨੌਕਰੀਆਂ ਅਤੇ ਬਿਹਤਰ ਜੀਵਨ ਪੱਧਰ ਦੀ ਭਾਲ ਕਰ ਰਹੇ ਹਨ।