ਚੰਡੀਗੜ੍ਹ : ਪੰਜਾਬ ਪੁਲਿਸ ਨੂੰ ਜਲਦੀ ਹੀ ਸਥਾਈ ਡੀਜੀਪੀ ਮਿਲ ਸਕਦਾ ਹੈ। ਪੰਜਾਬ ਸਰਕਾਰ ਨੇ ਰਾਜ ਵਿੱਚ ਨਿਯਮਤ ਪੁਲਿਸ ਮਹਾਨਿਰਦੇਸ਼ਕ ਦੇ ਅਹੁਦੇ ਲਈ ਤਿੰਨ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਲਈ 14 ਸੀਨੀਅਰ IPS ਅਧਿਕਾਰੀਆਂ ਦਾ ਇੱਕ ਪੈਨਲ ਸੰਘ ਲੋਕ ਸੇਵਾ ਕਮਿਸ਼ਨ (UPSC) ਨੂੰ ਭੇਜਿਆ ਹੈ।
ਹੁਣ ਤੱਕ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਦੀ ਅਗਵਾਈ ਕਰ ਰਹੇ ਹਨ। ਫਰਵਰੀ ਵਿੱਚ ਸੁਪਰੀਮ ਕੋਰਟ ਨੇ ਯੂਪੀਐਸਸੀ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਉਨ੍ਹਾਂ ਰਾਜਾਂ ਤੋਂ ਸਥਾਈ ਡੀਜੀਪੀ ਲਈ ਪੈਨਲ ਮੰਗਵਾਏ ਜਿੱਥੇ ਲੰਬੇ ਸਮੇਂ ਤੋਂ ਕਾਰਜਕਾਰੀ ਡੀਜੀਪੀ ਦੇ ਸਹਾਰੇ ਕੰਮ ਚਲਾਇਆ ਜਾ ਰਿਹਾ ਹੈ। ਇਨ੍ਹਾਂ ਰਾਜਾਂ ਵਿੱਚ ਪੰਜਾਬ ਵੀ ਸ਼ਾਮਲ ਹੈ।
ਦੱਸ ਦਈਏ ਕਿ ਪੰਜਾਬ ਦੇ ਗ੍ਰਹਿ ਵਿਭਾਗ ਨੂੰ 10 ਦਿਨਾਂ ਦੇ ਅੰਦਰ ਸੀਨੀਅਰ IPS ਅਫ਼ਸਰਾਂ ਦਾ ਪੈਨਲ ਭੇਜਣ ਦੇ ਨਿਰਦੇਸ਼ ਦਿੱਤੇ ਸਨ। ਇਸ ‘ਤੇ ਕਈ ਦਿਨਾਂ ਤੋਂ ਮੰਥਨ ਚੱਲ ਰਿਹਾ ਸੀ। ਆਖ਼ਰਕਾਰ, ਹੁਣ ਸਰਕਾਰ ਨੇ ਇਸ ਪੈਨਲ ਵਿੱਚ ਡੀਜੀ (DG) ਰੈਂਕ ਦੇ 14 ਅਫ਼ਸਰਾਂ ਦੇ ਨਾਮ ਯੂਪੀਐਸਸੀ ਨੂੰ ਭੇਜ ਦਿੱਤੇ ਹਨ। ਸੂਤਰਾਂ ਅਨੁਸਾਰ ਸੂਚੀ ਵਿੱਚ 1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ, ਸਪੈਸ਼ਲ ਡੀਜੀਪੀ ਸ਼ਰਦ ਸੱਤਿਆ ਚੌਹਾਨ (ਪੰਜਾਬ ਵਿਜੀਲੈਂਸ ਮੁਖੀ), ਸਪੈਸ਼ਲ ਡੀਜੀਪੀ (ਐਂਟੀ-ਨਾਰਕੋਟਿਕਸ ਟਾਸਕ ਫੋਰਸ) ਕੁਲਦੀਪ ਸਿੰਘ ਅਤੇ ਸੀਨੀਅਰ IPS ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਦੇ ਨਾਮ ਸ਼ਾਮਲ ਹਨ।
ਇਸ ਤੋਂ ਇਲਾਵਾ, ਸਪੈਸ਼ਲ ਡੀਜੀਪੀ (ਕਮਿਊਨਿਟੀ ਅਫੇਅਰਜ਼ ਅਤੇ ਮਹਿਲਾ ਮਾਮਲੇ) ਗੁਰਪ੍ਰੀਤ ਕੌਰ ਦਿਓ, ਸਪੈਸ਼ਲ ਡੀਜੀਪੀ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ) ਜਤਿੰਦਰ ਕੁਮਾਰ ਜੈਨ, ਸਪੈਸ਼ਲ ਡੀਜੀਪੀ (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ, ਸਪੈਸ਼ਲ ਡੀਜੀਪੀ (ਹੈੱਡਕੁਆਰਟਰ) ਸੁਧਾਂਸ਼ੂ ਸ਼ੇਖਰ ਸ੍ਰੀਵਾਸਤਵ, ਸਪੈਸ਼ਲ ਡੀਜੀਪੀ ਪੀਕੇ ਸਿਨਹਾ, ਸਪੈਸ਼ਲ ਡੀਜੀਪੀ (ਟ੍ਰੈਫਿਕ ਅਤੇ ਸੜਕ ਸੁਰੱਖਿਆ) ਅਮਰਦੀਪ ਸਿੰਘ ਰਾਏ, ਅਤੇ ਸਪੈਸ਼ਲ ਡੀਜੀਪੀ (ਸਾਈਬਰ ਅਪਰਾਧ) ਵੀ. ਨੀਰਜ ਸਮੇਤ ਹੋਰ ਵੀ ਇਸ ਸੂਚੀ ਵਿੱਚ ਸ਼ਾਮਲ ਹਨ।
