ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਦੀ ‘ਸਟਾਰ ਨਾਈਟ’ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਕੈਂਪਸ ‘ਚ ਵਿਦਿਆਰਥੀਆਂ ਦਾ ਗੁੱਸਾ ਵਧ ਗਿਆ ਅਤੇ ਉਹ ਹੜਤਾਲ ’ਤੇ ਬੈਠ ਗਏ। ਦੱਸ ਦਈਏ ਕਿ ਇਹ ਹਾਲ ਹੀ ਵਿੱਚ ਦੂਜਾ ਅਜਿਹਾ ਪ੍ਰੋਗਰਾਮ ਹੈ, ਜਿਸਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾ ਅਰਜਨ ਢਿੱਲੋਂ ਦਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ ਸੀ।

ਪੰਜਾਬੀ ਗਾਇਕ ਦਾ ਇਹ ਪ੍ਰੋਗਰਾਮ ਮੰਗਲਵਾਰ ਦੇਰ ਰਾਤ ਹੋਣਾ ਸੀ। ਸ਼ੋਅ ਰੱਦ ਹੋਣ ‘ਤੇ ਵਿਦਿਆਰਥੀਆਂ ਨੇ ਗਾਇਕ ਦੇ ਪ੍ਰਦਰਸ਼ਨ ਲਈ ਬਣਾਏ ਗਏ ਸਟੇਜ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਯੂਨੀਵਰਸਿਟੀ ਅਧਿਕਾਰੀਆਂ ‘ਤੇ ਜਾਣਬੁੱਝ ਕੇ ਸ਼ੋਅ ਰੱਦ ਕਰਨ ਦਾ ਦੋਸ਼ ਲਗਾਇਆ। ਗੁਰਦਾਸ ਮਾਨ ਦੇ ਸ਼ੋਅ ਰੱਦ ਹੋਣ ਕਾਰਨ ਨਿਰਾਸ਼ ਵਿਦਿਆਰਥੀ ਸੰਗਠਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰੋਗਰਾਮ ਤੋਂ ਪਹਿਲਾਂ ਹਰ ਜਗ੍ਹਾ ਤੋਂ ਇਜਾਜ਼ਤ ਲੈ ਲਈ ਸੀ, ਪਰ ਫਿਰ ਵੀ ਆਖਰੀ ਸਮੇਂ ‘ਤੇ ਯੂਨੀਵਰਸਿਟੀ ਵੱਲੋਂ ਐਨਓਸੀ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ‘ਤੇ 20 ਤੋਂ 25 ਲੱਖ ਰੁਪਏ ਖਰਚ ਕੀਤੇ ਜਾ ਚੁਕੇ ਹਨ।

ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪ੍ਰੋਗਰਾਮ, ਪ੍ਰਬੰਧਕਾਂ ਵੱਲੋਂ ਯੂਟੀ ਪ੍ਰਸ਼ਾਸਨ ਤੋਂ ਇਜਾਜ਼ਤ ਨਾ ਲੈਣ ਕਾਰਨ ਰੱਦ ਕੀਤਾ ਗਿਆ ਹੈ। ਖਾਸ ਤੌਰ ‘ਤੇ, ਸਮਾਗਮ ਦੀ ਇਜਾਜ਼ਤ ਨਾ ਮਿਲਣ ਦੇ ਬਾਵਜੂਦ, ਕੈਂਪਸ ਵਿੱਚ ਢੁਕਵੀਂ ਰੋਸ਼ਨੀ ਵਾਲਾ ਸਟੇਜ ਸਥਾਪਤ ਕੀਤਾ ਗਿਆ ਸੀ। ਹਾਲਾਂਕਿ, ਅਧਿਕਾਰੀਆਂ ਦਾ ਦਾਅਵਾ ਹੈ ਕਿ ਵਿਦਿਆਰਥੀਆਂ ਨੇ ਸਟੇਜ ਆਪਣੇ ਆਪ ਸਥਾਪਤ ਕੀਤੀ। ਇਸ ਮਾਮਲੇ ‘ਚ ਡੀਨ ਸਟੂਡੈਂਟਸ ਵੈਲਫੇਅਰ (ਡੀਐਸਡਬਲਯੂ), ਪੰਜਾਬ ਯੂਨੀਵਰਸਿਟੀ ਨੇ ਕਿਹਾ,ਇਹ ਸਮਾਗਮ ਨਹੀਂ ਹੋ ਸਕਿਆ ਕਿਉਂਕਿ ਸਬੰਧਤ ਵਿਦਿਆਰਥੀ, ਚੰਡੀਗੜ੍ਹ ਪ੍ਰਸ਼ਾਸਨ ਤੋਂ ਲੋੜੀਂਦੀਆਂ ਇਜਾਜ਼ਤਾਂ ਪ੍ਰਾਪਤ ਕਰਨ ਵਿੱਚ ਅਸਮਰੱਥ ਸਨ। ਇਸ ਲਈ ਵਿਦਿਆਰਥੀਆਂ ਨੂੰ ਅੱਜ ਆਪਣੇ ਜੋਖਮ ‘ਤੇ ਸਟੇਜ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।”

ਦੱਸ ਦਈਏ ਕਿ ਵਿਦਿਆਰਥੀਆਂ ਵੱਲੋਂ ਦੇਰ ਰਾਤ ਤੋਂ ਮਰਨ ਵਰਤ ਜਾਰੀ ਹੈ। ਇਸ ਤੋਂ ਪਹਿਲਾ ਪਿਛਲੇ ਸ਼ੁੱਕਰਵਾਰ ਪੰਜਾਬੀ ਗਾਇਕ ਅਰਜਨ ਢਿੱਲੋਂ ਦੀ ਸਟਾਰ ਨਾਈਟ ਤੋਂ ਪਹਿਲਾਂ ਹੀ ਝਨਕਾਰ ਫੈਸਟ ਵਿੱਚ ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਇਸ ਤੋਂ ਬਾਅਦ ਆਖਰੀ ਸਮੇਂ ‘ਤੇ ਉਸ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ, ਜਿਸ ਨਾਲ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਹੋਈ। ਪ੍ਰੋਗਰਾਮ ਵਾਲੀ ਥਾਂ ‘ਤੇ ਹਜ਼ਾਰਾਂ ਵਿਦਿਆਰਥੀ ਪਹੁੰਚੇ ਹੋਏ ਸਨ।