ਅਮਰੀਕਾ :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਨਾਲ ਜੰਗਬੰਦੀ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਇਹ ਕਦਮ ਮੌਜੂਦਾ ਜੰਗਬੰਦੀ ਦੇ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨ ਦੀ ਬੇਨਤੀ ‘ਤੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਹ ਇਰਾਨ ਵੱਲੋਂ ਕੋਈ ਪ੍ਰਸਤਾਵ ਮਿਲਣ ਤੱਕ ਜੰਗਬੰਦੀ ਨੂੰ ਅੱਗੇ ਵਧਾ ਰਹੇ ਹਨ। ਇਸ ਨਾਲ ਜੰਗ ਫਿਲਹਾਲ ਟਲ ਗਈ ਹੈ ਅਤੇ ਵਿਚੋਲਗੀ ਕਰ ਰਹੇ ਪਾਕਿਸਤਾਨ ਨੂੰ ਅਮਰੀਕਾ ਅਤੇ ਇਰਾਨ ਵਿਚਕਾਰ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਕਰਨ ਲਈ ਸਮਾਂ ਮਿਲ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਨੂੰ ਇਕਪਾਸੜ ਤੌਰ ‘ਤੇ ਅਣਮਿੱਥੇ ਸਮੇਂ ਲਈ ਵਧਾਇਆ ਹੈ। ਦੱਸ ਦਈਏ ਕਿ ਟਰੰਪ ਨੇ ਜੰਗਬੰਦੀ ਵਧਾਉਣ ਦੇ ਲਈ ਪੂਰੀ ਸ਼ਾਂਤੀ ਵਾਰਤਾ ਵਿੱਚ ਵਿਚੋਲੇ ਵਜੋਂ ਕੰਮ ਕਰ ਰਹੇ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਦੀ ਕਥਿਤ ਬੇਨਤੀ ਦਾ ਹਵਾਲਾ ਦਿੱਤਾ।ਡੋਨਾਲਡ ਟਰੰਪ ਨੇ ਕਿਹਾ ਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮੁਨੀਰ ਅਤੇ ਪੀਐਮ ਸ਼ਹਿਬਾਜ਼ ਸ਼ਰੀਫ ਨੇ ਮੈਨੂੰ ਜੰਗਬੰਦੀ ਵਧਾਉਣ ਦੀ ਬੇਨਤੀ ਕੀਤੀ। ਸਾਨੂੰ ਕਿਹਾ ਗਿਆ ਹੈ ਕਿ ਅਸੀਂ ਇਰਾਨ ‘ਤੇ ਉਦੋਂ ਤੱਕ ਹਮਲਾ ਨਾ ਕਰੀਏ, ਜਦੋਂ ਤੱਕ ਉਨ੍ਹਾਂ ਦੇ ਨੇਤਾ ਅਤੇ ਪ੍ਰਤੀਨਿਧੀ ਸਰਵਸੰਮਤੀ ਨਾਲ ਕੋਈ ਪ੍ਰਸਤਾਵ ਲੈ ਕੇ ਨਹੀਂ ਆ ਜਾਂਦੇ।
ਟਰੰਪ ਨੇ ਕਿਹਾ ਕਿ ਇਸ ਅਪੀਲ ‘ਤੇ ਧਿਆਨ ਦਿੰਦੇ ਹੋਏ ਉਨ੍ਹਾਂ ਨੇ ਅਮਰੀਕੀ ਫੌਜ ਨੂੰ ਹਮਲੇ ਨੂੰ ਫਿਲਹਾਲ ਰੋਕਣ ਦਾ ਹੁਕਮ ਦਿੱਤਾ ਹੈ। ਹਾਲਾਂਕਿ ਫੌਜ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਪੂਰੀ ਤਰ੍ਹਾਂ ਤਿਆਰ ਰਹੇ ਅਤੇ ਈਰਾਨ ‘ਤੇ ਦਬਾਅ ਬਣਾਈ ਰੱਖਣ ਲਈ ਨਾਕਾਬੰਦੀ ਜਾਰੀ ਰਹੇਗੀ।ਇਸਤੋਂ ਇਲਾਵਾ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੰਗਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਈਰਾਨ ਇੱਕ ਠੋਸ ਅਤੇ ਏਕੀਕ੍ਰਿਤ ਪ੍ਰਸਤਾਵ ਪੇਸ਼ ਨਹੀਂ ਕਰਦਾ ਅਤੇ ਗੱਲਬਾਤ ਪੂਰੀ ਨਹੀਂ ਹੋ ਜਾਂਦੀ, ਨਤੀਜਾ ਕੁਝ ਵੀ ਹੋਵੇ।
ਡੋਨਾਲਡ ਟਰੰਪ ਦੇ ਇਸ ਐਲਾਨ ਨਾਲ ਫਿਲਹਾਲ ਲਈ ਲੜਾਈ ਦੇ ਮੁੜ ਸ਼ੁਰੂ ਹੋਣ ਦਾ ਖ਼ਤਰਾ ਚਾਹੇ ਘਟ ਗਿਆ ਹੈ ਪਰ ਅਜੇ ਵੀ ਦੋਵਾਂ ਪੱਖਾਂ ਵਿਚਾਲੇ ਡੂੰਘੇ ਮਤਭੇਦ ਬਣੇ ਹੋਏ ਹਨ। ਹੋਰਮੂਜ਼ ਸਟ੍ਰੇਟ ਵਿੱਚ ਇਰਾਨ ‘ਤੇ ਅਮਰੀਕਾ ਦੀ ਨਾਕਾਬੰਦੀ ਅਜੇ ਵੀ ਜਾਰੀ ਹੈ।
