ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਗੁਰਦੁਆਰਾ ਧੰਨ-ਧੰਨ ਬਾਬਾ ਦੀਪ ਸਿੰਘ ਦੇ ਸਕੱਤਰ ਅਤੇ ਸਿੱਖ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇਜਿੰਦਰ ਪਾਲ ਸਿੰਘ ਟਿੰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ। ਪੁਲਿਸ ਨੇ ਟਿੰਮਾ ਨੂੰ ਐਤਵਾਰ ਸ਼ਾਮ ਗੁਰਦੁਆਰਾ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਸੀ। ਸੋਮਵਾਰ ਨੂੰ ਉਨ੍ਹਾਂ ਨੂੰ ਸੀਜੇਐੱਮ ਅਦਾਲਤ ਸ਼੍ਰੀਗੰਗਾਨਗਰ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਟਿੰਮਾ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਹੁਣ ਉਨ੍ਹਾਂ ਨੂੰ 7 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਗ੍ਰਿਫ਼ਤਾਰੀ ਨਾਲ ਜੁੜੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੁਲਿਸ ਟਿੰਮਾ ਨੂੰ ਹਿਰਾਸਤ ਵਿੱਚ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ। ਅਦਾਲਤ ਤੋਂ ਬਾਹਰ ਨਿਕਲਦੇ ਸਮੇਂ ਪੁਲਿਸ ਕਸਟਡੀ ਵਿੱਚ ਟਿੰਮਾ ਨੇ ਦੋਸ਼ ਲਗਾਇਆ ਕਿ ਇਹ ਸਵਾਮੀ ਬ੍ਰਹਮਦੇਵ ਅਤੇ ਸਾਦੁਲਸ਼ਹਿਰ ਤੋਂ ਭਾਜਪਾ ਵਿਧਾਇਕ ਗੁਰਵੀਰ ਬਰਾੜ ਦੀ ਸਾਜ਼ਿਸ਼ ਹੈ। ਵਿਧਾਇਕ ਨੇ ਇਸ ਬਾਰੇ ਕਿਹਾ ਕਿ ਉਹ ਇਸ ਸਮੇਂ ਵਿਅਸਤ ਹਨ ਅਤੇ ਬਾਅਦ ਵਿੱਚ ਗੱਲ ਕਰਨਗੇ।
ਪੁਲਿਸ ਦਾ ਦਾਅਵਾ, ਸਮਰਥਕਾਂ ਦਾ ਧਰਨਾ
ਕੋਤਵਾਲੀ ਥਾਣਾ ਇੰਚਾਰਜ ਤੇਜਵੰਤ ਸਿੰਘ ਬਰਾੜ ਮੁਤਾਬਕ ਟਿੰਮਾ ਖ਼ਿਲਾਫ਼ ਪਹਿਲਾਂ ਹੀ 21-22 ਮਾਮਲੇ ਦਰਜ ਹਨ ਅਤੇ ਇਨ੍ਹਾਂ ਦੀ ਸੂਚੀ ਅਦਾਲਤ ਵਿੱਚ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਕਿ ਟਿੰਮਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮਾਮਲੇ ਵਿੱਚ ਸਮਾਨ ਦੀ ਬਰਾਮਦਗੀ ਲਈ ਕੋਸ਼ਿਸ਼ ਕੀਤੀ ਜਾਵੇਗੀ।
ਟਿੰਮਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਉਨ੍ਹਾਂ ਦੇ ਸਮਰਥਕ ਸ਼੍ਰੀਗੰਗਾਨਗਰ-ਪਦਮਪੁਰ ਸਟੇਟ ਹਾਈਵੇ ’ਤੇ ਧਰਨੇ ’ਤੇ ਬੈਠ ਗਏ। ਦੂਜੇ ਪਾਸੇ, ਟਿੰਮਾ ਦੇ ਵਿਰੋਧ ਵਿੱਚ ਕਈ ਪਿੰਡਾਂ ਦੇ ਗੁਰਦੁਆਰਿਆਂ ਦੇ ਪ੍ਰਧਾਨ ਐੱਸਪੀ ਦਫ਼ਤਰ ਪਹੁੰਚੇ ਅਤੇ ਪੁਲਿਸ ਦੀ ਕਾਰਵਾਈ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਐਡੀਸ਼ਨਲ ਐੱਸਪੀ ਨੂੰ ਮੰਗ ਪੱਤਰ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
SGPC ਪ੍ਰਧਾਨ ਨੇ ਪੁਲਿਸ ਕਾਰਵਾਈ ’ਤੇ ਚੁੱਕੇ ਸਵਾਲ
SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿੱਚ ਹੋਈ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਗੁਰੂ ਦੇ ਲੰਗਰ ਦੀ ਬੇਅਦਬੀ ਕੀਤੀ ਅਤੇ ਸਿੱਖ ਸ਼ਹੀਦਾਂ ਨਾਲ ਸਬੰਧਤ ਪੋਸਟਰ ਪਾੜੇ। ਪੁਲਿਸ ਨੇ ਗੁਰਦੁਆਰੇ ਵਿੱਚ ਤੋੜਫੋੜ ਅਤੇ ਬੇਅਦਬੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਟਿੰਮਾ ਨੂੰ ਸ਼ਹਿਰ ਦੇ ਇੱਕ ਇਮੀਗ੍ਰੇਸ਼ਨ ਸੰਚਾਲਕ ਦੇ ਘਰ ਵਿੱਚ ਦਾਖ਼ਲ ਹੋ ਕੇ ਮਾਰਪੀਟ ਅਤੇ ਲੁੱਟ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਮੁਤਾਬਕ ਗ੍ਰਿਫ਼ਤਾਰੀ ਦੌਰਾਨ ਸਮਰਥਕਾਂ ਨੇ ਪੁਲਿਸ ’ਤੇ ਹਮਲਾ ਕੀਤਾ, ਜਿਸ ਵਿੱਚ ਇੱਕ ਕਾਂਸਟੇਬਲ ਦੇ ਸਿਰ ’ਤੇ ਸੱਟ ਲੱਗੀ। ਅਦਾਲਤ ਦੇ ਬਾਹਰ ਟਿੰਮਾ ਦੇ ਪਰਿਵਾਰਕ ਮੈਂਬਰ ਅਰਦਾਸ ਕਰਦੇ ਨਜ਼ਰ ਆਏ ਅਤੇ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਰਿਹਾ।
