ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਕਈ ਨਮੂਨਿਆਂ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਨਿਰਧਾਰਿਤ ਸੀਮਾ ਤੋਂ ਵੱਧ ਪਾਈ ਗਈ ਹੈ। ਪੰਜਾਬ ਵਿੱਚ 55 ਨਮੂਨੇ ਮਿਆਰਾਂ ‘ਤੇ ਖਰੇ ਨਹੀਂ ਉਤਰੇ, ਜਦਕਿ ਹਰਿਆਣਾ ਵਿੱਚ ਅਜਿਹੇ ਨਮੂਨਿਆਂ ਦੀ ਗਿਣਤੀ 152 ਸੀ। ਨਿਰਧਾਰਿਤ ਸੀਮਾ ਤੋਂ ਵੱਧ ਕੀਟਨਾਸ਼ਕਾਂ ਵਾਲੇ ਉਤਪਾਦਾਂ ਦਾ ਲੰਬੇ ਸਮੇਂ ਤੱਕ ਸੇਵਨ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ ਅਤੇ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਖੁਲਾਸਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ, ਸਬਜ਼ੀਆਂ, ਫਲਾਂ, ਮਸਾਲਿਆਂ, ਅਨਾਜ, ਦਾਲਾਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ ਨਮੂਨੇ ਪ੍ਰਚੂਨ ਦੁਕਾਨਾਂ, ਥੋਕ ਮੰਡੀਆਂ, ਸਹਿਕਾਰੀ ਸਭਾਵਾਂ, ਖੇਤੀਬਾੜੀ ਉਪਜ ਮੰਡੀ ਕਮੇਟੀ (APMC) ਦੀਆਂ ਮੰਡੀਆਂ, ਸਿੱਧੇ ਖੇਤਾਂ ਅਤੇ ਜੈਵਿਕ ਉਤਪਾਦ ਵੇਚਣ ਵਾਲੇ ਕੇਂਦਰਾਂ ਤੋਂ ਇਕੱਠੇ ਕੀਤੇ ਗਏ ਸਨ ਇਹ ਨਮੂਨੇ 40 ਪ੍ਰਯੋਗਸ਼ਾਲਾਵਾਂ ਦੁਆਰਾ ਇਕੱਤਰ ਕੀਤੇ ਗਏ ਸਨ ਅਤੇ ਇਨ੍ਹਾਂ ਵਿੱਚ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਸੰਭਾਵੀ ਮੌਜੂਦਗੀ ਦੀ ਜਾਂਚ ਕੀਤੀ ਗਈ ਸੀ।
ਸਾਲ 2023 ਅਤੇ 2026 ਦੇ ਵਿਚਕਾਰ, ਪੰਜਾਬ ਵਿੱਚ 6,580 ਨਮੂਨੇ ਇਕੱਠੇ ਕੀਤੇ ਗਏ ਸਨ ਅਤੇ ਉਨ੍ਹਾਂ ਵਿੱਚੋਂ 55 ਵਿੱਚ ਕੀਟਨਾਸ਼ਕਾਂ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਪਾਈ ਗਈ ਸੀ। ਇਸੇ ਤਰ੍ਹਾਂ, ਹਰਿਆਣਾ ਵਿੱਚ 2,371 ਨਮੂਨਿਆਂ ਵਿੱਚੋਂ 152 ਵਿੱਚ ਨਿਰਧਾਰਤ ਸੀਮਾ ਤੋਂ ਵੱਧ ਮਾਤਰਾ ਪਾਈ ਗਈ ਸੀ। ਇਸੇ ਤਰ੍ਹਾਂ, ਹਿਮਾਚਲ ਪ੍ਰਦੇਸ਼ ਵਿੱਚ 5,765 ਵਿੱਚੋਂ 92, ਜੰਮੂ-ਕਸ਼ਮੀਰ ਵਿੱਚ 1,489 ਵਿੱਚੋਂ 58 ਅਤੇ ਰਾਜਸਥਾਨ ਵਿੱਚ 3,564 ਵਿੱਚੋਂ 111 ਨਮੂਨਿਆਂ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਪਾਈ ਗਈ ਹੈ।
ਫਲਾਂ, ਸਬਜ਼ੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਕੀਟਨਾਸ਼ਕਾਂ ਦੀ ਉੱਚ ਮਾਤਰਾ ਪੇਟ ਦਰਦ, ਉਲਟੀਆਂ, ਸਿਰ ਦਰਦ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ, ਕੀਟਨਾਸ਼ਕਾਂ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਕੈਂਸਰ, ਹਾਰਮੋਨਲ ਅਸੰਤੁਲਨ ਅਤੇ ਜਿਗਰ ਜਾਂ ਗੁਰਦੇ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਬੱਚੇ ਅਤੇ ਗਰਭਵਤੀ ਔਰਤਾਂ ਖਾਸ ਤੌਰ ‘ਤੇ ਇਨ੍ਹਾਂ ਮਾੜੇ ਪ੍ਰਭਾਵਾਂ ਦਾ ਸ਼ਿਕਾਰ ਹੋ ਸਕਦੇ ਹਨ।
