ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗ ਦੇ ਵਿਚਕਾਰ ਈਰਾਨ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਹੈ। ਪੀਐਮ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਡਾਕਟਰ ਮਸੂਦ ਪੇਜ਼ੇਸ਼ਕੀਅਨ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਈਦ ਅਤੇ ਨਵਰੋਜ਼ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਅਸੀਂ ਉਮੀਦ ਜਤਾਈ ਹੈ ਕਿ ਇਹ ਤਿਉਹਾਰਾਂ ਦਾ ਸੀਜ਼ਨ ਪੱਛਮੀ ਏਸ਼ੀਆ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲੈ ਕੇ ਆਵੇਗਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਈਰਾਨ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ‘ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ, ਜੋ ਖੇਤਰੀ ਸਥਿਰਤਾ ਲਈ ਖ਼ਤਰਾ ਪੈਦਾ ਕਰਦੇ ਹਨ ਅਤੇ ਵਿਸ਼ਵਵਿਆਪੀ ਸਪਲਾਈ ਚੇਨ ਨੂੰ ਪ੍ਰਭਾਵਿਤ ਕਰਦੇ ਹਨ।
ਪੀਐਮ ਮੋਦੀ ਦੀ ਪੋਸਟ ਵਿੱਚ ਕਿਹਾ ਗਿਆ, “ਰਾਸ਼ਟਰਪਤੀ ਡਾ. ਮਸੂਦ ਪੇਜ਼ੇਸ਼ਕੀਅਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਈਦ ਤੇ ਨਵਰੋਜ਼ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਅਸੀਂ ਉਮੀਦ ਜਤਾਈ ਕਿ ਤਿਉਹਾਰਾਂ ਦਾ ਇਹ ਸੀਜ਼ਨ ਪੱਛਮੀ ਏਸ਼ੀਆ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਿਆਵੇਗਾ। ਖੇਤਰ ਵਿੱਚ ਅਹਿਮ ਬੁਨਿਆਦੀ ਢਾਂਚੇ ‘ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ, ਜੋ ਖੇਤਰੀ ਸਥਿਰਤਾ ਨੂੰ ਖ਼ਤਰੇ ਵਿੱਚ ਪਾਉਂਦੇ ਹਨ ਅਤੇ ਵਿਸ਼ਵਵਿਆਪੀ ਸਪਲਾਈ ਚੇਨ ਨੂੰ ਪ੍ਰਭਾਵਿਤ ਕਰਦੇ ਹਨ। ਨੇਵੀਗੇਸ਼ਨ ਦੀ ਆਜ਼ਾਦੀ ਦੀ ਰੱਖਿਆ ਕਰਨ ਅਤੇ ਸ਼ਿਪਿੰਗ ਮਾਰਗਾਂ ਨੂੰ ਖੁੱਲ੍ਹਾ ਤੇ ਸੁਰੱਖਿਅਤ ਰੱਖਣ ਦੇ ਮਹੱਤਵ ਨੂੰ ਦੁਹਰਾਇਆ। ਈਰਾਨ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਈਰਾਨ ਦੇ ਨਿਰੰਤਰ ਸਹਿਯੋਗ ਦੀ ਸ਼ਲਾਘਾ ਕੀਤੀ।”
ਪੀਐਮ ਮੋਦੀ ਨੇ ਦੁਹਰਾਇਆ ਕਿ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਵਿਸ਼ਵਵਿਆਪੀ ਵਪਾਰ ਅਤੇ ਊਰਜਾ ਸੁਰੱਖਿਆ ਲਈ ਜ਼ਰੂਰੀ ਹੈ। ਖ਼ਾਸ ਕਰਕੇ ਹੋਰਮੁਜ਼ ਸਟ੍ਰੇਟ (Hormuz Strait) ਵਰਗੇ ਖੇਤਰਾਂ ਵਿੱਚ ਕੋਈ ਵੀ ਰੁਕਾਵਟ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਝਟਕਾ ਦੇ ਸਕਦੀ ਹੈ। ਭਾਰਤ ਨੇ ਹਮੇਸ਼ਾ ਸ਼ਾਂਤੀ ਅਤੇ ਸੰਵਾਦ ਰਾਹੀਂ ਵਿਵਾਦਾਂ ਦੇ ਹੱਲ ਦੀ ਵਕਾਲਤ ਕੀਤੀ ਹੈ ਅਤੇ ਇਸ ਗੱਲਬਾਤ ਵਿੱਚ ਵੀ ਇਹੀ ਸੰਦੇਸ਼ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਖੇਤਰੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਗਤੀਵਿਧੀਆਂ ਤੋਂ ਬਚਣ ਜੋ ਤਣਾਅ ਵਧਾਉਂਦੀਆਂ ਹੋਣ ਅਤੇ ਵਿਸ਼ਵਵਿਆਪੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹੋਣ।
