ਕਿਚਨਰ ਸੈਂਟਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਗਰੀਨ ਪਾਰਟੀ ਦੀ ਐਸ਼ਲਿਨ ਕਲੈਂਸੀ ਨੂੰ ਜੇਤੂ ਕਰਾਰ ਦਿਤਾ ਗਿਆ। ਜੁਲਾਈ ਵਿਚ ਲੌਰਾ ਦੇ ਅਸਤੀਫੇ ਮਗਰੋਂ ਖਾਲੀ ਹੋਈ ਇਹ ਸੀਟ ਐਨ.ਡੀ.ਪੀ. ਕੋਲ ਸੀ ਪਰ ਇਸ ਵਾਰ ਮੁਕਾਬਲਾ ਸਖਤ ਹੋ ਗਿਆ ਅਤੇ ਜਗਮੀਤ ਸਿੰਘ ਵੱਲੋਂ ਚੋਣ ਪ੍ਰਚਾਰ ਲਈ ਪੁੱਜਣ ਦੇ ਬਾਵਜੂਦ ਕਿਚਨਰ ਸੈਂਟਰ ਸੀਟ ਐਨ.ਡੀ.ਪੀ. ਹੱਥੋਂ ਜਾਂਦੀ ਰਹੀ। ਦੂਜੇ ਪਾਸੇ ਭਾਰਤੀ ਮੂਲ ਦੇ ਪਾਰਥੀ ਕੰਦਾਵੇਲ ਟੋਰਾਂਟੋ ਦੇ ਵਾਰਡ 20 ਤੋਂ ਕੌਂਸਲਰ ਚੁਣੇ ਗਏ। ਸਕਾਰਬ੍ਰੋਅ ਸਾਊਥ ਵੈਸਟ ਇਲਾਕੇ ਵਿਚ ਹੋਈ ਉਪ ਚੋਣ ਦੌਰਾਨ ਪਾਰਥੀ ਨੂੰ 4,641 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦਾ ਨੇੜਲਾ ਵਿਰੋਧੀ ਐਡਵੋਕੇਟ ਕੈਵਿਨ ਰੂਪਾਸਿੰਗੇ 3,854 ਵੋਟਾਂ ਲੈਣ ਵਿਚ ਸਫਲ ਰਿਹਾ। ਪਾਰਥੀ ਕੰਦਾਵੇਲ 2014 ਵਿਚ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਟਰੱਸਟੀ ਚੁਣੇ ਗਏ ਸਨ ਅਤੇ ਹੁਣ ਮਿਊਂਸਪਲ ਸਿਆਸਤ ਵਿਚ ਕਦਮ ਰੱਖ ਦਿਤਾ ਹੈ। ਟੋਰਾਂਟੋ ਦੇ 20 ਨੰਬਰ ਵਾਰਡ ਦੀ ਅਹਿਮਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 23 ਉਮੀਦਵਾਰ ਚੋਣ ਮੈਦਾਨ ਵਿਚ ਸਨ। ਸ਼ਨਿੱਚਰਵਾਰ ਅਤੇ ਐਤਵਾਰ ਨੂੰ ਐਡਵਾਂਸ ਪੋਲਿੰਗ ਮਗਰੋਂ ਵੀਰਵਾਰ ਨੂੰ ਵੋਟਿੰਗ ਹੋਈ।