ਟੋਰਾਂਟੋ : ਉਨਟਾਰੀਓ ਵਿਚ ਤੈਅ ਸਮੇਂ ਤੋਂ ਪਹਿਲਾਂ ਵਿਧਾਨ ਚੋਣਾਂ ਹੋਣ ਦੇ ਕਿਆਸੇ ਲਾਏ ਜਾ ਰਹੇ ਹਨ। ਜੀ ਹਾਂ, ਪ੍ਰੀਮੀਅਰ ਡਗ ਫੋਰਡ ਨੂੰ ਜਦੋਂ ਪੱਤਰਕਾਰਾਂ ਨੇ ਵਾਰ-ਵਾਰ ਪੁੱਛਿਆ ਕਿ ਕੀ ਵਿਧਾਨ ਸਭਾ ਚੋਣਾਂ ਜੂਨ 2026 ਵਿਚ ਹੀ ਹੋਣਗੀਆਂ ਤਾਂ ਉਨ੍ਹਾਂ ਸਪੱਸ਼ਟ ਤੌਰ ’ਤੇ ਕੋਈ ਜਵਾਬ ਨਾ ਦਿਤਾ। ਡਗ ਫੋਰਡ ਨੇ ਕਿਹਾ ਕਿ ਉਹ ਆਪਣਾ ਏਜੰਡਾ ਪੂਰਾ ਕਰਨਗੇ ਅਤੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਪ੍ਰੀਮੀਅਰ ਡਗ ਫੋਰਡ ਪੱਤਰਕਾਰਾਂ ਦੇ ਸਵਾਲਾਂ ਤੋਂ ਟਲਦੇ ਨਜ਼ਰ ਆਏ
ਡਗ ਫੋਰਡ ਨੇ ਜ਼ੋਰ ਦੇ ਕੇ ਆਖਿਆ ਕਿ ਉਨਟਾਰੀਓ ਦੇ ਸਟੋਰਾਂ ’ਤੇ ਬੀਅਰ ਅਤੇ ਵਾਈਨ ਦੀ ਵਿਕਰੀ ਆਰੰਭ ਕਰਨ ਦਾ ਚੋਣਾਂ ਨਾਲ ਕੋਈ ਵਾਹ ਵਾਸਤਾ ਨਹੀਂ ਪਰ ਪੱਤਰਕਾਰਾਂ ਨੇ ਜਦੋਂ ਇਹ ਪੁੱਛਿਆ ਕਿ ਕੀ ਉਹ ਜੂਨ 2026 ਵਿਚ ਚੋਣਾਂ ਕਰਵਾਉਣ ਲਈ ਵਚਨਬੱਧ ਹਨ ਤਾਂ ਕੋਈ ਸਿੱਧਾ ਜਵਾਬ ਨਾ ਦਿਤਾ। ਇਥੇ ਦਸਣਾ ਬਣਦਾ ਹੈ ਪ੍ਰੀਮੀਅਰ ਡਗ ਫੋਰਡ ਨੇ ਸ਼ੁੱਕਰਵਾਰ ਨੂੰ ਬੀਅਰ ਅਤੇ ਵਾਈਨ ਦੀ ਵਿਕਰੀ ਸਾਧਾਰਣ ਸਟੋਰਾਂ ’ਤੇ ਸਤੰਬਰ ਮਹੀਨੇ ਤੋਂ ਸ਼ੁਰੂ ਹੋਣ ਬਾਰੇ ਰਸਮੀ ਐਲਾਨ ਕੀਤਾ। ਅਸਲ ਵਿਚ ਸੂਬਾ ਸਰਕਾਰ ਵੱਲੋਂ ਕਨਵੀਨੀਐਂਸ ਸਟੋਰਾਂ ਅਤੇ ਸੁਪਰਮਾਰਕਿਟਸ ਵਿਚ ਬੀਅਰ ਅਤੇ ਵਾਈਨ ਦੀ ਵਿਕਰੀ 2026 ਤੋਂ ਆਰੰਭ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਬਹੁਤ ਪਹਿਲਾਂ ਵਿਕਰੀ ਸ਼ੁਰੂ ਹੋਣਾ, ਕੁਝ ਸਿਆਸੀ ਮਾਹਰਾਂ ਨੂੰ ਹਜ਼ਮ ਨਹੀਂ ਹੋ ਰਿਹਾ।