ਪੰਜਾਬ ਦੀਆਂ ਸੜਕਾਂ ’ਤੇ ਦੌੜ ਰਹੇ ਪੁਰਾਣੇ, ਖਟਾਰਾ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਕਮਰਸ਼ੀਅਲ ਵਾਹਨਾਂ ਦੀ ਫਿਟਨੈੱਸ ਜਾਂਚ ਹੁਣ ਸਿਰਫ਼ ਇੰਸਪੈਕਟਰ ਦੀ ਨਜ਼ਰ ’ਤੇ ਨਿਰਭਰ ਨਹੀਂ ਰਹੇਗੀ। ਪੰਜਾਬ ਟਰਾਂਸਪੋਰਟ ਵਿਭਾਗ ਨੇ ਕਪੂਰਥਲਾ ਦੇ ਇੰਸਪੈਕਸ਼ਨ ਐਂਡ ਸਰਟੀਫਿਕੇਸ਼ਨ ਸੈਂਟਰ ਨੂੰ ਸੂਬੇ ਦੇ ਪਹਿਲੇ ਆਟੋਮੇਟਿਡ ਟੈਸਟਿੰਗ ਸਟੇਸ਼ਨ ਵਿੱਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਲਈ ਟੈਂਡਰ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਨਵੇਂ ਸਿਸਟਮ ਵਿੱਚ ਬੱਸਾਂ, ਟਰੱਕਾਂ, ਆਟੋਜ਼ ਅਤੇ ਹੋਰ ਕਮਰਸ਼ੀਅਲ ਵਾਹਨਾਂ ਦੀ ਫਿਟਨੈੱਸ ਜਾਂਚ ਮਸ਼ੀਨਾਂ ਅਤੇ ਰੋਬੋਟਿਕ ਸਿਸਟਮ ਰਾਹੀਂ ਹੋਵੇਗੀ।
ਰੋਬੋਟ ਕਰਨਗੇ ਵਾਹਨਾਂ ਦੀ ਪੂਰੀ ਜਾਂਚ
ਆਟੋਮੇਟਿਡ ਟੈਸਟਿੰਗ ਸਟੇਸ਼ਨ ਵਿੱਚ ਵਾਹਨ ਦੀ ਜਾਂਚ ਸਿਰਫ਼ ਦੇਖ ਕੇ ਜਾਂ ਆਮ ਤਰੀਕੇ ਨਾਲ ਨਹੀਂ ਕੀਤੀ ਜਾਵੇਗੀ। ਰੋਬੋਟਿਕ ਟੈਸਟਿੰਗ ਲੇਨ ਰਾਹੀਂ ਬ੍ਰੇਕ, ਸਟੀਅਰਿੰਗ, ਸਸਪੈਂਸ਼ਨ, ਪਹੀਆਂ ਦੀ ਅਲਾਈਨਮੈਂਟ, ਹੈੱਡਲਾਈਟ ਅਤੇ ਪ੍ਰਦੂਸ਼ਣ ਵਰਗੇ ਅਹਿਮ ਮਾਪਦੰਡ ਮਸ਼ੀਨਾਂ ਨਾਲ ਚੈੱਕ ਕੀਤੇ ਜਾਣਗੇ। ਧੂੰਏਂ ਦੀ ਜਾਂਚ ਸੈਂਸਰ ਆਧਾਰਿਤ ਹੋਵੇਗੀ।
ਟੈਸਟ ਤੋਂ ਬਾਅਦ ਵਾਹਨ ਨਾਲ ਸਬੰਧਤ ਸਾਰਾ ਡਾਟਾ ਡਿਜੀਟਲ ਸਿਸਟਮ ਵਿੱਚ ਦਰਜ ਕੀਤਾ ਜਾਵੇਗਾ। ਸੈਂਟਰ ਨੂੰ ਵਾਹਨ ਪੋਰਟਲ ਨਾਲ ਜੋੜਿਆ ਜਾਵੇਗਾ, ਜਿਸ ਨਾਲ ਹਰ ਟੈਸਟ ਦਾ ਰਿਕਾਰਡ ਸਿਸਟਮ ਵਿੱਚ ਮੌਜੂਦ ਰਹੇਗਾ। ਨਿਰਧਾਰਤ ਮਾਪਦੰਡ ਪੂਰੇ ਕਰਨ ਵਾਲੇ ਵਾਹਨ ਨੂੰ ਹੀ ਫਿਟਨੈੱਸ ਸਰਟੀਫਿਕੇਟ ਮਿਲੇਗਾ। ਜੇ ਵਾਹਨ ਫੇਲ ਹੁੰਦਾ ਹੈ ਤਾਂ ਉਸ ਵਿੱਚ ਪਾਈ ਗਈ ਖਰਾਬੀ ਵੀ ਰਿਪੋਰਟ ਵਿੱਚ ਦਰਜ ਕੀਤੀ ਜਾਵੇਗੀ।
ਕਿਹੜੀਆਂ ਮਸ਼ੀਨਾਂ ਹੋਣਗੀਆਂ?
ਰੋਲਰ ਬ੍ਰੇਕ ਟੈਸਟਰ ਹਰ ਪਹੀਏ ਦੀ ਬ੍ਰੇਕਿੰਗ ਸਮਰੱਥਾ ਮਾਪੇਗਾ। ਸਾਈਡ ਸਲਿਪ ਟੈਸਟਰ ਪਹੀਆਂ ਦੀ ਅਲਾਈਨਮੈਂਟ ਅਤੇ ਸਾਈਡ ਸਲਿਪ ਦੀ ਜਾਂਚ ਕਰੇਗਾ। ਸਸਪੈਂਸ਼ਨ ਟੈਸਟਰ ਸ਼ਾਕ ਐਬਜ਼ੌਰਬਰ ਦੀ ਕਾਰਗੁਜ਼ਾਰੀ ਚੈੱਕ ਕਰੇਗਾ।
ਇਸ ਤੋਂ ਇਲਾਵਾ ਹੈੱਡਲਾਈਟ ਟੈਸਟਰ ਰੋਸ਼ਨੀ ਦੀ ਦਿਸ਼ਾ ਅਤੇ ਤੀਬਰਤਾ ਦੀ ਜਾਂਚ ਕਰੇਗਾ। ਜੁਆਇੰਟ ਪਲੇ ਅਤੇ ਸਟੀਅਰਿੰਗ ਪਲੇ ਡਿਟੈਕਟਰ ਸਟੀਅਰਿੰਗ, ਚੈਸਿਸ ਅਤੇ ਐਕਸਲ ਵਿੱਚ ਢਿੱਲ ਦੀ ਪਛਾਣ ਕਰਨਗੇ। ਇਲੈਕਟ੍ਰਾਨਿਕ ਟਰਨ ਟੇਬਲ ਸਟੀਅਰਿੰਗ ਅਤੇ ਪਹੀਆਂ ਦੀ ਸਥਿਤੀ ਜਾਂਚਣ ਵਿੱਚ ਮਦਦ ਕਰੇਗਾ।
5 ਸਾਲ ਲਈ ਆਪਰੇਟਰ ਨੂੰ ਮਿਲੇਗਾ ਸੈਂਟਰ
ਇਹ ਸੈਂਟਰ 5 ਸਾਲ ਲਈ ਆਪਰੇਟਰ ਨੂੰ ਸੌਂਪਿਆ ਜਾਵੇਗਾ ਅਤੇ ਸਰਕਾਰ ਦੀ ਮਨਜ਼ੂਰੀ ਨਾਲ ਇੱਕ ਸਾਲ ਦਾ ਵਾਧਾ ਸੰਭਵ ਹੋਵੇਗਾ। ਪਹਿਲੇ 2 ਸਾਲ ਮਸ਼ੀਨਾਂ ਦੀ ਵਾਰੰਟੀ ਅਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਨਿਰਮਾਤਾ ਦੀ ਹੋਵੇਗੀ, ਜਦਕਿ ਅਗਲੇ 3 ਸਾਲਾਂ ਲਈ AMC ਆਪਰੇਟਰ ਦੀ ਜ਼ਿੰਮੇਵਾਰੀ ਹੋਵੇਗੀ।
ਕੌਮੀ NIC ਦੇ ਵਾਹਨ ਪੋਰਟਲ ਨਾਲ ਰੀਅਲ-ਟਾਈਮ ਡਾਟਾ ਇੰਟੀਗ੍ਰੇਸ਼ਨ ਕੀਤਾ ਜਾਵੇਗਾ। ਡਾਟਾ ਦੀ ਸੁਰੱਖਿਆ ਲਈ ਸਾਈਬਰ ਸੁਰੱਖਿਆ ਸਰਟੀਫਿਕੇਸ਼ਨ ਲਾਜ਼ਮੀ ਹੋਵੇਗਾ। ਟੈਸਟ ਤੋਂ ਪਹਿਲਾਂ ਆਪਰੇਟਰ ID, ਵਾਹਨ ਦੀ RC ਅਤੇ ਨੰਬਰ ਪਲੇਟ ਸਕੈਨ ਕੀਤੀ ਜਾਵੇਗੀ। ਇਲੈਕਟ੍ਰਿਕ ਵਾਹਨਾਂ ਲਈ ਇੰਸੂਲੇਸ਼ਨ ਟੈਸਟਰ, ਟੈਸਟ ਫਿੰਗਰ ਅਤੇ OBD ਸਕੈਨ ਟੂਲ ਵਰਗੇ ਵਿਸ਼ੇਸ਼ ਉਪਕਰਨ ਵੀ ਰੱਖੇ ਜਾਣਗੇ।
