ਅਮਰੀਕੀ ਆਵਾਜਾਈ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਪਾਮ ਬੀਚ ਕਾਉਂਟੀ, ਫਲੋਰੀਡਾ ਦੇ ਰਿਹਾਇਸ਼ੀ ਖੇਤਰ ਵਿੱਚ ਇੱਕ ਲੀਅਰਜੈੱਟ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ ਨੌਂ ਲੋਕਾਂ ਦੀ ਮੌਤ ਹੋ ਗਈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਾਈਵੇਟ ਜੈੱਟ ਨੇ ਟੈਕਸਾਸ ਦੇ ਓਸਟਿਨ-ਬਰਗਸਟ੍ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਬਹਾਮਾਸ ਦੇ ਨੌਰਥ ਐਲੂਥੇਰਾ ਹਵਾਈ ਅੱਡੇ ਵੱਲ ਜਾ ਰਿਹਾ ਸੀ।
ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਿੱਚ ਜੈੱਟ ਨੂੰ ਇੱਕ ਸੜਕ ਦੇ ਨਾਲ ਜ਼ਮੀਨ ਨਾਲ ਟਕਰਾਉਂਦੇ ਅਤੇ ਧਮਾਕਾ ਹੁੰਦੇ ਦਿਖਾਇਆ ਗਿਆ ਹੈ। ਲੇਕ ਵਰਥ ਬੀਚ ਵਿੱਚ ਹਾਦਸੇ ਵਾਲੀ ਥਾਂ ਦੇ ਨੇੜੇ ਇੱਕ ਪ੍ਰੈਸ ਕਾਨਫਰੰਸ ਵਿੱਚ ਫਲੋਰੀਡਾ ਦੇ ਗਵਰਨਰ ਰੋਨ ਡਿਸੈਂਟਿਸ ਨੇ ਕਿਹਾ, “ਇਹ ਇੱਕ ਵੱਡੀ ਦੁਖਾਂਤਕ ਘਟਨਾ ਵਾਪਰੀ ਹੈ।” “ਜਦੋਂ ਤੁਸੀਂ ਉਹ ਵੀਡੀਓ ਦੇਖਦੇ ਹੋ, ਤਾਂ ਇਹ ਇੱਕ ਝੰਜੋੜਨ ਵਾਲੀ ਚੀਜ਼ ਹੈ। ਇਹ ਇੱਕ ਮਿਜ਼ਾਈਲ ਦੇ ਹੇਠਾਂ ਆਉਣ ਵਾਂਗ ਸੀ, ਅਤੇ ਇੱਕ ਜ਼ਬਰਦਸਤ ਧਮਾਕਾ, ਮਲਬਾ ਹਰ ਪਾਸੇ ਜਾ ਰਿਹਾ ਸੀ।”
ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨਟੀਐਸਬੀ) ਨੇ ਕਿਹਾ ਕਿ ਉਸਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ “ਭਿਆਨਕ ਤ੍ਰਾਸਦੀ” ਕਿਹਾ। ਐਫਏਏ ਰਿਕਾਰਡ ਬੋਮਬਾਰਡੀਅਰ-ਨਿਰਮਿਤ ਲੀਅਰਜੈੱਟ 60 ਦੇ ਮਾਲਕ ਵਜੋਂ ਇੱਕ ਡੇਲਾਵੇਅਰ ਕਾਰਪੋਰੇਸ਼ਨ ਨੂੰ ਸੂਚੀਬੱਧ ਕਰਦੇ ਹਨ।
ਵੇਰਵਿਆਂ ਅਨੁਸਾਰ ਪਹਿਲਾਂ, ਜਹਾਜ਼ ਦੇ ਕਾਕਪਿਟ ਵਿੱਚੋਂ ਕਿਸੇ ਨੇ ਏਅਰ ਟ੍ਰੈਫਿਕ ਕੰਟਰੋਲਰ ਨੂੰ ਰਿਪੋਰਟ ਕੀਤੀ ਕਿ ਉਹ “ਬਰਫ਼ ਦਾ ਪ੍ਰਬੰਧਨ” ਕਰ ਰਹੇ ਸਨ ਪਰ “ਦਰਮਿਆਨੀ” ਹਲਚਲ (ਟਰਬੂਲੈਂਸ) ਦਾ ਸਾਹਮਣਾ ਕਰ ਰਹੇ ਸਨ ਅਤੇ “ਬਿਹਤਰ ਉਡਾਣ” ਦੀ ਭਾਲ ਕਰ ਰਹੇ ਸਨ। ਇੱਕ ਮਿੰਟ ਤੋਂ ਵੀ ਘੱਟ ਸਮੇਂ ਬਾਅਦ, ਵਿਅਕਤੀ ਨੇ “ਮੇਡੇ, ਮੇਡੇ” (Mayday, mayday) ਕਿਹਾ, ਇਹ ਰਿਪੋਰਟ ਕਰਦਿਆਂ ਕਿ ਜਹਾਜ਼ ਅਚਾਨਕ 10,000 ਫੁੱਟ ਪ੍ਰਤੀ ਮਿੰਟ ਦੀ ਦਰ ਨਾਲ ਹੇਠਾਂ ਡਿੱਗ ਰਹਾ ਸੀ।
ਕੁਝ ਸਕਿੰਟਾਂ ਬਾਅਦ, ਵਿਅਕਤੀ ਨੇ ਕਿਹਾ ਕਿ ਉਹ ਐਮਰਜੈਂਸੀ ਦੀ ਘੋਸ਼ਣਾ ਕਰ ਰਹੇ ਹਨ, ਹੇਠਾਂ ਡਿੱਗਣ ਦੀ ਦਰ 20,000 ਫੁੱਟ ਪ੍ਰਤੀ ਮਿੰਟ ਤੱਕ ਵਧ ਗਈ ਸੀ। 20 ਸਕਿੰਟਾਂ ਤੋਂ ਵੀ ਘੱਟ ਸਮੇਂ ਬਾਅਦ, ਵਿਅਕਤੀ ਨੇ ਕਿਹਾ: “ਅਸੀਂ ਜ਼ਮੀਨ ਵਿੱਚ ਟਕਰਾਉਣ ਵਾਲੇ ਹਾਂ” ਇਸ ਤੋਂ ਪਹਿਲਾਂ ਕਿ ਹੇਠਾਂ ਡਿੱਗਣ ਦੀ ਦਰ 22,000 ਫੁੱਟ ਪ੍ਰਤੀ ਮਿੰਟ ਤੱਕ ਪਹੁੰਚ ਗਈ ਸੀ ਕਿਉਂਕਿ ਜਹਾਜ਼ ਝੁਕਣਾ ਸ਼ੁਰੂ ਹੋ ਗਿਆ ਸੀ। ਸ਼ੁਰੂਆਤੀ ਮੇਡੇ (Mayday) ਘੋਸ਼ਣਾ ਦੇ ਲਗਪਗ 35 ਸਕਿੰਟਾਂ ਬਾਅਦ, ਕਾਕਪਿਟ ਤੋਂ ਆਖਰੀ ਚੀਜ਼ ਜੋ ਸੁਣੀ ਗਈ ਸੀ, ਉਹ ਤੇਜ਼ੀ ਨਾਲ ਬੋਲੀ ਗਈ “ਸਾਡੇ ਕੋਲ ਸਮਾਂ ਖਤਮ ਹੋ ਗਿਆ ਹੈ” (We’re out of time) ਸੀ। ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟਰਾਡਾਰ24 ਨੇ ਕਿਹਾ ਕਿ ਡੇਟਾ ਨੇ ਦਿਖਾਇਆ ਹੈ ਕਿ ਸਿੱਧੀ ਹੇਠਾਂ ਡਿੱਗਣ ਦੀ ਦਰ (vertical descent rate) ਇੱਕ ਪੁਆਇੰਟ ‘ਤੇ 32,000 ਫੁੱਟ ਪ੍ਰਤੀ ਮਿੰਟ ਤੋਂ ਵੱਧ ਗਈ ਸੀ।
