ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਦੇਸ਼ ਦੀ ਪਹਿਲੀ ਰੋਡ ਸੇਫਟੀ ਫੋਰਸ (SSF) ਪੰਜਾਬ ਲਈ ਰਵਾਨਾ ਕੀਤੀ। ਇਸ ਨੂੰ ਲੈ ਕੇ ਪੀਏਪੀ ਜਲੰਧਰ ਵਿੱਚ ਪ੍ਰੋਗਰਾਮ ਕਰਵਾਇਆ ਗਿਆ, ਜਿਸ ਤੋਂ ਬਾਅਦ 1239 ਸੈਨਿਕ 144 ਵਾਹਨਾਂ ਨਾਲ ਸੜਕਾਂ ‘ਤੇ ਰਵਾਨਾ ਹੋਏ।
ਇਸ ਦੌਰਾਨ ਸੀ.ਐੱਮ. ਮਾਨ ਨੇ ਦੱਸਿਆ ਕਿ ਹਾਕੀ ਟੀਮ ਦੇ ਕਪਤਾਨ ਰਹੇ ਗਗਨਜੀਤ ਸਿੰਘ ਨੂੰ ਐੱਸ.ਐੱਸ.ਪੀ. SSF ਪੰਜਾਬ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਇੱਕ ਪਲੇਅਰ ਬਿਹਤਰ ਢੰਗ ਨਾਲ ਕਰ ਸਕਦਾ ਹੈ। ਉਨ੍ਹਾਂ ਨੂੰ ਰੈੱਡ, ਗ੍ਰੀਨ, ਆਰੈਂਜ ਕਾਰਡ ਦੀ ਅਹਿਮੀਅਤ ਪਤਾ ਹੁੰਦੀ ਏ। ਗਗਨਜੀਤ ਸਿੰਘ ਦੇਸ਼ ਦੀ ਅਗਵਾਈ ਹਾਕੀ ਵਿੱਚ ਕਰ ਚੁੱਕੇ ਹਨ। ਇੰਨਾ ਹੀ ਨਹੀਂ ਹਾਕੀ ਵਿੱਚ ਸਭ ਤੋਂ ਵੱਧ ਗੋਲ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੈ। ਸੀਐਮ ਮਾਨ ਨੇ ਕਿਹਾ ਕਿ ਇਹ ਫੋਰਸ 1 ਫਰਵਰੀ ਤੋਂ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗੀ। ਪਹਿਲੇ ਸਾਲ ਹੀ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਅੱਧਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਤੁਰੰਤ 112 ‘ਤੇ ਕਾਲ ਕਰੋ। 30 ਕਿਲੋਮੀਟਰ ਦੇ ਅੰਦਰ ਘੁੰਮ ਰਹੀ SSF ਦੀ ਗੱਡੀ ਜ਼ਖਮੀਆਂ ਦੀ ਮਦਦ ਲਈ 10 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਤੱਕ ਸਾਰੇ ਪ੍ਰਬੰਧ ਵੀ ਕਰਨਗੇ।
ਉਨ੍ਹਾਂ ਕਿਹਾ ਕਿ ਦੁਬਈ ‘ਚ ਟੋਇਟਾ ਹੈਲੈਕਸ ਗੱਡੀਆਂ ਦੇਖੀਆਂ, ਉਥੋਂ ਦੀ ਪੁਲਿਸ ਇਨ੍ਹਾਂ ਦੀ ਹੀ ਵਰਤੋਂ ਕਰਦੀ ਹੈ। ਫਿਰ ਫੈਸਲਾ ਕੀਤਾ ਗਿਆ ਕਿ ਉਹ ਇਨ੍ਹਾਂ ਵਾਹਨਾਂ ਨੂੰ ਸੜਕ ਸੁਰੱਖਿਆ ਬਲ ਵਿੱਚ ਵਰਤਣਗੇ। ਇਹ ਗੱਡੀਆਂ ਇੰਨੀਆਂ ਪਾਵਰਫੁਲ ਹਨ ਕਿ ਇਹ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਵੀ ਟੋਅ ਕਰ ਸਕਦੀਆਂ ਹਨ।