ਨਵੀ ਦਿੱਲੀ : ਦੇਸ਼ ਭਰ ਵਿੱਚ 21 ਜੂਨ ਨੂੰ ਨੀਟ ਦੀ ਮੁੜ-ਪ੍ਰੀਖਿਆ ਹੋਣੀ ਹੈ। 22 ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਲਈ ਆਪਣੇ-ਆਪਣੇ ਕੇਂਦਰਾਂ ‘ਤੇ ਜਾਣ ਲਈ ਤਿਆਰ ਹਨ। ਪਰ ਇਸ ਵਿਚਾਲੇ ਹੀ ਨਾਗਪੁਰ ਤੋਂ ਨੀਟ ਯੂਜੀ ਰੀ-ਐਗਜ਼ਾਮ ਨੂੰ ਲੈ ਕੇ ਇੱਕ ਗੰਭੀਰ ਪ੍ਰਸ਼ਾਸਨਿਕ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪ੍ਰੀਖਿਆ ਪ੍ਰਣਾਲੀ ਅਤੇ ਨੈਸ਼ਨਲ ਟੈਸਟਿੰਗ ਏਜੰਸੀ (NTA) ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
1 ਜੂਨ ਨੂੰ ਦੇਸ਼ ਭਰ ਵਿੱਚ ਇੱਕ ਸ਼ਿਫਟ ਵਿੱਚ ਹੋਣ ਵਾਲੀ ਨੀਟ ਯੂਜੀ ਰੀ-ਐਗਜ਼ਾਮ ਲਈ ਜਾਰੀ ਐਡਮਿਟ ਕਾਰਡ ਵਿੱਚ ਨਾਗਪੁਰ ਦੇ ਇੱਕ ਵਿਦਿਆਰਥੀ ਦਾ ਪ੍ਰੀਖਿਆ ਕੇਂਦਰ ਅਬੂ ਧਾਬੀ (ਸੰਯੁਕਤ ਅਰਬ ਅਮੀਰਾਤ) ਦਿਖਾਏ ਜਾਣ ਦੀ ਗੱਲ ਸਾਹਮਣੇ ਆਈ ਹੈ।
ਵਿਦਿਆਰਥੀ ਦਾ ਨਾਂ ਅਬਦੁੱਲਾ ਮੁਹੰਮਦ ਤਾਲਿਬ ਦੱਸਿਆ ਜਾ ਰਿਹਾ ਹੈ। ਵਿਦਿਆਰਥੀ ਨੇ ਜਦੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕੀਤਾ ਤਾਂ ਉਸ ਵਿੱਚ ਭਾਰਤ ਦੀ ਬਜਾਏ ਵਿਦੇਸ਼ ਵਿੱਚ ਸਥਿਤ ਪ੍ਰੀਖਿਆ ਕੇਂਦਰ ਦਾ ਜ਼ਿਕਰ ਦੇਖ ਕੇ ਉਹ ਅਤੇ ਉਸ ਦਾ ਪਰਿਵਾਰ ਹੈਰਾਨ ਰਹਿ ਗਿਆ। ਪਰਿਵਾਰ ਵਾਲਿਆਂ ਮੁਤਾਬਕ, ਉਨ੍ਹਾਂ ਕੋਲ ਨਾ ਤਾਂ ਪਾਸਪੋਰਟ ਹੈ ਅਤੇ ਨਾ ਹੀ ਵਿਦੇਸ਼ ਜਾ ਕੇ ਪ੍ਰੀਖਿਆ ਦੇਣ ਦਾ ਕੋਈ ਪ੍ਰਬੰਧ ਜਾਂ ਸਾਧਨ ਹਨ। ਇਸ ਕਾਰਨ ਪਰਿਵਾਰ ਵਿੱਚ ਚਿੰਤਾ ਅਤੇ ਤਣਾਅ ਦਾ ਮਾਹੌਲ ਬਣ ਗਿਆ ਹੈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਸ ਘਟਨਾ ਦਾ ਜ਼ਿਕਰ ਕਰਦਿਆਂ ਪ੍ਰੀਖਿਆ ਪ੍ਰਣਾਲੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕ ਵਿਦਿਆਰਥੀ, ਜੋ ਪਿਛਲੇ ਕਾਫੀ ਸਮੇ ਤੋਂ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ, ਉਸ ਨੂੰ ਆਖਰੀ ਸਮੇਂ ਪਤਾ ਲੱਗਿਆ ਕਿ ਉਸ ਦਾ ਪ੍ਰੀਖਿਆ ਕੇਂਦਰ ਵਿਦੇਸ਼ ਵਿੱਚ ਹੈ। ਇਸ ਕਾਰਨ ਉਹ ਗੰਭੀਰ ਮਾਨਸਿਕ ਦਬਾਅ ਵਿੱਚ ਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ “ਨਾ ਪਾਸਪੋਰਟ, ਨਾ ਪਰਿਵਾਰ ਕੋਲ ਵਿਦੇਸ਼ ਭੇਜਣ ਦੇ ਪੈਸੇ ਅਤੇ ਨਾ ਹੀ ਹੁਣ ਕੋਈ ਸਮਾਂ ਬਚਿਆ ਹੈ। ਉਹ ਸਾਰੀ ਰਾਤ ਰੋਂਦਾ ਰਿਹਾ ਅਤੇ ਪ੍ਰੀਖਿਆ ਦੇਣ ਤੋਂ ਹੀ ਮਨ੍ਹਾ ਕਰ ਰਿਹਾ ਹੈ – ਕੀ ਇਸ ਤਣਾਅ ਦੀ ਕਲਪਨਾ ਵੀ ਕੀਤੀ ਜਾ ਸਕਦੀ ਹੈ? ਆਖਰਕਾਰ ਅਜਿਹਾ ਹੋਇਆ ਵੀ ਕਿਵੇਂ? ਕੱਲ੍ਹ ਕਿਸੇ ਵੀ ਵਿਦਿਆਰਥੀ ਨੂੰ ਸੈਂਟਰ ਤੱਕ ਨਾ ਪਹੁੰਚ ਸਕਣ ਦੀ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਐੱਨ.ਟੀ.ਏ. (NTA) ਅਸਲ ਵਿੱਚ ਦੇਸ਼ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਿਰਫ਼ ਸਬਰ ਦਾ ਇਮਤਿਹਾਨ ਲੈ ਰਹੀ ਹੈ। ਜੋ ਸਿਸਟਮ ਇੱਕ ਬੱਚੇ ਨੂੰ ਆਪਣੇ ਹੀ ਸ਼ਹਿਰ ਵਿੱਚ ਇੱਕ ਸੈਂਟਰ ਨਹੀਂ ਦੇ ਸਕਦਾ, ਉਲਟਾ ਵਿਦੇਸ਼ ਭੇਜ ਸਕਦਾ ਹੈ – ਉਸ ਨੂੰ ਪ੍ਰੀਖਿਆ ਕਰਵਾਉਣ ਦਾ ਕੋਈ ਹੱਕ ਨਹੀਂ ਹੈ। ਕੋਟਾ ਵਿੱਚ ਮੈਂ ਇਹੀ ਕਿਹਾ ਸੀ – ਇਹ ਹੁਣ ਸਿੱਖਿਆ ਪ੍ਰਣਾਲੀ ਨਹੀਂ ਰਹੀ। ਇਹ ਇੱਕ ਪੂਰੀ ਪੀੜ੍ਹੀ ਦੇ ਪੈਸੇ, ਸਮੇਂ ਅਤੇ ਮਾਨਸਿਕ ਸ਼ਾਂਤੀ ਦੀ ਵਸੂਲੀ ਹੈ। ਸਾਡੇ ਬੱਚਿਆਂ ਦੇ ਭਵਿੱਖ ਨਾਲ ਜੂਆ ਖੇਡਣਾ ਬੰਦ ਕਰੋ। ਉਹ ਇੱਕ ਸੰਵੇਦਨਸ਼ੀਲ, ਜ਼ਿੰਮੇਵਾਰ ਅਤੇ ਜਵਾਬਦੇਹ ਸਿੱਖਿਆ ਪ੍ਰਣਾਲੀ ਅਤੇ ਪ੍ਰੀਖਿਆ ਦੇ ਹੱਕਦਾਰ ਹਨ – ਅਤੇ ਅਸੀਂ ਇਹ ਉਨ੍ਹਾਂ ਨੂੰ ਦਿਵਾ ਕੇ ਰਹਾਂਗੇ।”
