ਭਾਜਪਾ ਦੀ ਅਗਵਾਈ ਵਾਲੀ NDA ਦੀ ਅੱਜ ਬੈਠਕ ਹੋਣ ਵਾਲੀ ਹੈ। ਇਸ ਬੈਠਕ ਵਿਚ NDA ਦੇ ਸਾਰੇ ਸਾਂਸਦ ਸ਼ਾਮਲ ਹੋਣ ਵਾਲੇ ਹਨ ਜੋ ਨਰਿੰਦਰ ਮੋਦੀ ਨੂੰ ਰਸਮੀ ਤੌਰ ‘ਤੇ ਆਪਣੇ ਗਠਜੋੜ ਦਾ ਨੇਤਾ ਚੁਣਨਗੇ। ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ ਤੇ ਇਸ ਵਾਰ ਵੀ NDA ਨੂੰ ਬਹੁਮਤ ਮਿਲਿਆ ਹੈ। ਇਸ ਵਾਰ ਉਸ ਨੂੰ 293 ਸੀਟਾਂ ‘ਤੇ ਜਿੱਤ ਮਿਲੀ ਹੈ। ਹਾਲਾਂਕਿ ਭਾਜਪਾ ਨੂੰ ਬਹੁਮਤ ਹਾਸਲ ਨਹੀਂ ਹੋਇਆ ਹੈ।
ਨਰਿੰਦਰ ਮੋਦੀ ਦੇ NDA ਸੰਸਦੀ ਦਲ ਦਾ ਨੇਤਾ ਚੁਣੇ ਜਾਣ ਦੇ ਬਾਅਦ ਟੀਡੀਪੀ ਪ੍ਰਧਾਨ ਐੱਨ. ਚੰਦਰਬਾਬੂ ਨਾਇਡੂ ਤੇ ਜਨਤਾ ਦਲ (ਯੂਨਾਈਟਿਡ) ਦੇ ਮੁਖੀ ਨਿਤਿਸ਼ ਕੁਮਾਰ ਵਰਗੇ ਗਠਜੋੜ ਦੇ ਸੀਨੀਅਰ ਮੈਂਬਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨ ਵਾਲੇ ਹਨ। ਇਸ ਦੌਰਾਨ ਰਾਸ਼ਟਰਪਤੀ ਨੂੰ ਸਮਰਥਨ ਦੇਣ ਵਾਲੇ ਸਾਂਸਦਾ ਦੀ ਸੂਚੀ ਸੌਂਪੀ ਜਾਵੇਗੀ।
ਪਰ ਮੀਟਿੰਗ ਤੋਂ ਪਹਿਲਾਂ ਸਹਿਯੋਗੀ ਪਾਰਟੀਆਂ TDP ਤੇ JDU ਵੱਲੋਂ ਅਹੁਦਿਆਂ ਦੀ ਮੰਗ ਕੀਤੀ ਜਾ ਰਹੀ ਹੈ। TDP ਵੱਲੋਂ ਚਾਰ ਅਹੁਦੇ ਤੇ ਜਦੋਂ ਕਿ ਨਿਤਿਸ਼ ਕੁਮਾਰ ਦੀ ਪਾਰਟੀ JDU ਵੱਲੋਂ 3 ਅਹੁਦਿਆਂ ਦੀ ਮੰਗ ਕੀਤੀ ਗਈ ਹੈ। ਅਜਿਹੇ ਵਿਚ ਜੇਕਰ ਭਾਜਪਾ ਨੇ ਫਿਰ ਤੋਂ ਸੱਤਾ ਵਿਚ ਆਉਣਾ ਹੈ ਤੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨਾ ਹੈ ਤਾਂ ਸਹਿਯੋਗੀਾਂ ਨੂੰ ਖੁਸ਼ ਕਰਨਾ ਹੋਵੇਗਾ। ਮੰਗਾਂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਬੀਤੇ ਦਿਨੀਂ ਮੀਟਿੰਗ ਵਿਚ ਚਰਚਾ ਹੋਈ ਸੀ ਜਿਸ ਵਿਚ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਜੇਪੀ ਨੱਢਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਕਿ ਉਹ ਸਹਿਯੋਗੀ ਪਾਰਟੀਆਂ ਨਾਲ ਗੱਲਬਾਤ ਕਰਨ ਤੇ ਜਿਹੜੇ ਮਸਲਿਆਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ, ਉਸ ‘ਤੇ ਗੱਲਬਾਤ ਕੀਤੀ ਜਾਵੇ।