ਲੰਡਨ : ਕੈਨੇਡਾ ’ਚ ਮੁਸਲਮਾਨ ਪਰਵਾਰ ਨੂੰ ਗੱਡੀ ਹੇਠ ਦਰੜ ਕੇ ਮਾਰਨ ਵਾਲੇ ਨਥੈਨੀਅਲ ਵੈਲਟਮੈਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ 25 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ। 23 ਸਾਲ ਦੇ ਨਥੈਨੀਅਲ ਨੂੰ ਇਰਾਦਾ ਕਤਲ ਦੇ ਮਾਮਲੇ ਵਿਚ ਵੱਖਰੇ ਤੌਰ ਉਮਰ ਕੈਦ ਦੀ ਸਜ਼ਾ ਵੱਖਰੇ ਤੌਰ ’ਤੇ ਸੁਣਾਈ ਗਈ ਹੈ। ਅਦਾਲਤੀ ਫੈਸਲੇ ਮਗਰੋਂ ਪੀੜਤ ਪਰਵਾਰ ਜ਼ਾਰੋ ਜ਼ਾਰ ਰੋਣ ਲੱਗਾ ਅਤੇ ਸਾਰੇ ਇਕ ਦੂਜੇ ਦੀਆਂ ਅੱਖਾਂ ਪੂੰਝ ਰਹੇ ਸਨ। ਅਦਾਲਤ ਦੇ ਬਾਹਰ ਪਰਵਾਰ ਦੀ ਬਜ਼ੁਰਗ ਤਬਿੰਦਾ ਬੁਖਾਰੀ ਨੇ ਕਿਹਾ ਕਿ ਨਫ਼ਰਤ ਨੇ ਸਾਡੇ ਦਿਲ ਦੇ ਟੁਕੜੇ ਸਾਡੇ ਤੋਂ ਖੋਹ ਲਏ ਜਿਨ੍ਹਾਂ ਨੂੰ ਕਦੇ ਵੀ ਵਾਪਸ ਨਹੀਂ ਲਿਆਂਦਾ ਜਾ ਸਕਦਾ।
25 ਸਾਲ ਤੱਕ ਨਹੀਂ ਮਿਲ ਸਕੇਗੀ ਪੈਰੋਲ
ਚਾਰ ਜੀਆਂ ਦੇ ਵਿਛੋੜੇ ਨਾਲ ਸਾਡਾ ਪਰਵਾਰ ਖਿੱਲਰ ਗਿਆ ਜਿਸ ਨੂੰ ਜੋੜਨਾ ਸੰਭਵ ਨਹੀਂ। ਦੋਸ਼ੀ ਨੂੰ ਸਜ਼ਾ ਮਿਲ ਗਈ ਪਰ ਸਾਡੀ ਪਛਾਣ ਅਤੇ ਸੁਰੱਖਿਆ ਹੁਣ ਵੀ ਦਾਅ ’ਤੇ ਹੈ। ਇਹ ਮੁਕੱਦਮਾ ਸਿਰਫ ਇਕ ਵਾਰਦਾਤ ਨਾਲ ਸਬੰਧਤ ਨਹੀਂ ਸੀ ਸਗੋਂ ਸਾਡੇ ਸਮਾਜ ਵਿਚ ਫੈਲੀਆਂ ਨਫ਼ਰਤ ਦੀਆਂ ਜੜਾਂ ਵੱਲ ਇਸ਼ਾਰਾ ਕਰ ਗਿਆ। ਸਾਨੂੰ ਸਭਨਾਂ ਨੂੰ ਮਿਲ ਕੇ ਨਫ਼ਰਤ ਦਾ ਟਾਕਰਾ ਕਰਨਾ ਹੋਵੇਗਾ। ਬੀਬੀ ਬੁਖਾਰੀ ਨੇ ਅੱਗੇ ਕਿਹਾ ਕਿ ਕਾਤਲ ਸਾਡੇ ਪਰਵਾਰ ਨੂੰ ਬਿਲਕੁਲ ਨਹੀਂ ਜਾਣਦਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਮਿਲਿਆ ਸੀ ਪਰ ਮੁਸਲਮਾਨ ਹੋਣ ਕਾਰਨ ਉਨ੍ਹਾਂ ਦੀ ਜਾਨ ਲੈ ਲਈ। ਇਸੇ ਦੌਰਾਨ ਸਰਕਾਰੀ ਵਕੀਲ ਸਾਰਾਹ ਸ਼ੇਖ ਨੇ ਕਿਹਾ ਕਿ ਇਹ ਹਮਲਾ ਸਿਰਫ ਅਫਜ਼ਲ ਪਰਵਾਰ ਉਤੇ ਨਹੀਂ ਸਗੋਂ ਪੂਰੇ ਮੁਸਲਮਾਨ ਭਾਈਚਾਰੇ ਉਤੇ ਹੋਇਆ। ਅਫਜ਼ਲ ਪਰਵਾਰ ਉਤੇ ਹੋਏ ਹਮਲੇ ਨੇ ਕੈਨੇਡੀਅਨ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾ ਦਿਤੀਆਂ।
ਪੀੜਤ ਪਰਵਾਰ ਨੇ ਕਿਹਾ, ਸਾਡੇ ਜ਼ਖਮ ਕਦੇ ਨਹੀਂ ਭਰ ਸਕਦੇ
ਇਥੇ ਦਸਣਾ ਬਣਦਾ ਹੈ ਕਿ 2021 ਵਿਚ ਉਨਟਾਰੀਓ ਦੇ ਲੰਡਨ ਵਿਖੇ ਹੋਏ ਹਮਲੇ ਦੌਰਾਨ ਸਲਮਾਨ ਅਫਜ਼ਲ, ਉਨ੍ਹਾਂ ਦੀ ਪਤਨੀ ਮਦੀਹਾ ਸਲਮਾਨ, 15 ਸਾਲ ਦੀ ਬੇਟੀ ਯਮਨਾ ਅਤੇ 74 ਸਾਲਾ ਮਾਂ ਤਲਤ ਅਫਜ਼ਲ ਦੀ ਮੌਤ ਹੋ ਗਈ ਸੀ ਜਦਕਿ 9 ਸਾਲ ਦਾ ਬੇਟਾ ਗੰਭੀਰ ਜ਼ਖਮੀ ਹੋ ਗਿਆ।