ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਫਿਲੌਰ ਅਦਾਲਤ ਨੇ ਹਰਪ੍ਰੀਤ ਸਿੰਘ ਸਮੇਤ ਉਸ ਦੇ ਸਾਥੀ ਲਵਪ੍ਰੀਤ ਸਿੰਘ ਦੀ ਜ਼ਮਾਨਤ ਅਰਜ਼ੀ ਮਨਜੂਰ ਕਰ ਲਈ ਹੈ। ਜਿਸ ਤੋਂ ਬਾਅਦ ਵੀਰਵਾਰ ਸੁਣਵਾਈ ਦੌਰਾਨ ਅਦਾਲਤ ਨੇ ਜ਼ਮਾਨਤ ਅਰਜ਼ੀ ਮਨਜੂਰ ਕਰਦਿਆਂ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ।
ਦੱਸ ਦੇਈਏ ਕਿ ਫਿਲੌਰ ਪੁਲਿਸ ਨੇ 11 ਜੁਲਾਈ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਲਵਪ੍ਰੀਤ ਨੂੰ ਫਿਲੌਰ ਨੇੜਿਓਂ 4 ਗ੍ਰਾਮ ਆਈਸ ਡਰੱਗ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਕੁੱਲ੍ਹ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਇਨ੍ਹਾਂ ਨੂੰ 14 ਦਿਨ ਲਈ ਜੂਡੀਸ਼ੀਅਲ ਕਸਟਡੀ ਵਿਚ ਭੇਜ ਦਿੱਤਾ ਸੀ।
ਫਿਲੌਰ ਪੁਲਿਸ ਨੇ ਬੀਤੇ ਦਿਨੀਂ ਗਸ਼ਤ ਦੌਰਾਨ ਫਿਲੌਰ ਵਿੱਚ ਨੈਸ਼ਨਲ ਹਾਈਵੇਅ ਦੇ ਕਿਨਾਰੇ ਖੜ੍ਹੀ ਇਕ ਸ਼ੱਕੀ ਕਾਰ ਦੀ ਤਲਾਸ਼ੀ ਲਈ ਸੀ। ਇਸ ਕ੍ਰੇਟਾ ਗੱਡੀ ਦੇ ਸ਼ੀਸ਼ੇ ਵੀ ਕਾਲੇ ਕੀਤੇ ਹੋਏ ਸਨ, ਜਿਸ ਕਾਰਨ ਸ਼ੱਕ ਦੇ ਆਧਾਰ ‘ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਇਸ ‘ਚ ਬੈਠੇ ਵਿਅਕਤੀਆਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ।
ਇਸ ਦੌਰਾਨ ਲਵਪ੍ਰੀਤ ਪੁੱਤਰ ਗੁਰਪ੍ਰੀਤ ਵਾਸੀ ਚੀਮਾ ਵਾਰਡ ਥਾਣਾ ਬਿਆਸ ਅਤੇ ਹਰਪ੍ਰੀਤ ਉਰਫ਼ ਹੈਪੀ ਪੁੱਤਰ ਤਰਸੇਮ ਸਿੰਘ ਵਾਸੀ ਜੱਲੂਪੁਰ ਖੇੜਾ ਥਾਣਾ ਖਿਲਜੀਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ ਡਰੱਗ, ਤੋਲਣ ਵਾਲਾ ਸਕੇਲ, ਲਾਈਟਰ ਆਦਿ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੇ ਸਾਥੀ ਕੋਲੋਂ ਦੋ ਫੋਨ ਬਰਾਮਦ ਹੋਏ ਸਨ।