ਅਮਰੀਕਾ ਦੇ ਅਲਬਾਮਾ ਵਿਚ ਇਕ ਕਮਰੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ 76 ਸਾਲਾ ਭਾਰਤੀ ਮੂਲ ਦੇ ਮੋਟਲ ਮਾਲਕ ਦੀ ਇਕ ਗਾਹਕ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ। ਸ਼ੈਫੀਲਡ ਦੇ ਹਿਲਕ੍ਰੈਸਟ ਮੋਟਲ ਦੇ ਮਾਲਕ ਪ੍ਰਵੀਨ ਰਾਓਜੀਭਾਈ ਪਟੇਲ ਦੀ ਪਿਛਲੇ ਹਫਤੇ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਸ਼ੈਫੀਲਡ ਪੁਲਿਸ ਮੁਤਾਬਕ ਵਿਲੀਅਮ ਜੇਰੇਮੀ ਮੂਰ (34) ਨੂੰ ਪਟੇਲ ਨੂੰ ਗੋਲੀ ਮਾਰਨ ਅਤੇ ਮਾਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਦਸਿਆ ਕਿ ਜਦੋਂ ਮੂਰ ਇਕ ਕਮਰਾ ਕਿਰਾਏ ‘ਤੇ ਲੈਣ ਲਈ ਮੋਟਲ ਆਇਆ ਤਾਂ ਉਨ੍ਹਾਂ ਵਿਚਕਾਰ ਬਹਿਸ ਹੋ ਗਈ, ਜਿਸ ਤੋਂ ਬਾਅਦ ਮੂਰ ਨੇ ਬੰਦੂਕ ਕੱਢ ਲਈ ਅਤੇ ਪਟੇਲ ਨੂੰ ਗੋਲੀ ਮਾਰ ਦਿਤੀ। ਦੱਸ ਦੇਈਏ ਕਿ ਸੜਕ ਦੇ ਕਿਨਾਰੇ ਯਾਤਰੀਆਂ ਦੇ ਥੋੜ੍ਹੇ ਆਰਾਮ ਅਤੇ ਠਹਿਰਨ ਲਈ ਇਕ ਮੁਕਾਬਲਤਨ ਛੋਟੇ ਹੋਟਲ ਨੂੰ ਮੋਟਲ ਕਿਹਾ ਜਾਂਦਾ ਹੈ।