ਸੰਯੁਕਤ ਰਾਜ ਅਮਰੀਕਾ ਜਾਂਚ ਬਿਊਰੋ (FBI) ਨੇ ਟੌਪ 10 ਮੋਸਟ ਵਾਂਟੇਡ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿਚ ਅਹਿਮਦਾਬਾਦ ਦੇ ਵੀਰਮਗਾਮ ਦੇ ਰਹਿਣ ਵਾਲੇ ਭਾਰਤੀ ਨਾਗਰਿਕ ਭਦ੍ਰੇਸ਼ ਕੁਮਾਰ ਪਟੇਲ ਦਾ ਵੀ ਨਾਂ ਹੈ। FBI ਨੇ ਉਸ ‘ਤੇ 250,000 ਡਾਲਰ (ਰੁ. 20902825) ਦਾ ਇਨਾਮ ਰੱਖਿਆ ਹੈ।
ਦੱਸ ਦੇਈਏ ਕਿ ਭਦ੍ਰੇਸ਼ ਕੁਮਾਰ ਪਟੇਲ 2015 ਤੋਂ ਫਰਾਰ ਹੈ ਜਦੋਂ ਉਸ ਨੇ ਕਥਿਤ ਤੌਰ ‘ਤੇ ਮੈਰੀਲੈਂਡ ਸੂਬੇ ਦੇ ਹਨੋਵਰ ਵਿਚ ਡੰਕਿਨ ਡੋਨਟਸ ਕਾਫੀ ਸ਼ਾਪ ਅੰਦਰ ਆਪਣੀ ਪਤਨੀ ਪਲਕ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ ਸੀ। ਰਿਪੋਰਟ ਮੁਤਾਬਕ ਪਟੇਲ, ਜੋ ਉਸ ਸਮੇਂ 24 ਸਾਲ ਦਾ ਸੀ, ਨੇ ਆਪਣੀ 21 ਸਾਲਾ ਪਤਨੀ ਦੇ ਚਿਹਰੇ ‘ਤੇ ਰਸੋਈ ਦੇ ਚਾਕੂ ਨਾਲ ਵਾਰ ਕੀਤੇ ਤੇ ਦੁਕਾਨ ਦੇ ਪਿੱਛੇ ਦੇ ਕਮਰੇ ਵਿਚ ਉਸ ‘ਤੇ ਕਈ ਵਾਰ ਕੀਤੇ, ਜਿਥੇ ਉਹ ਦੋਵੇਂ ਕੰਮ ਕਰਦੇ ਸਨ।ਘਟਨਾ ਦੌਰਾਨ ਗਾਹਕ ਘਟਨਾ ਵਾਲੀ ਥਾਂ ‘ਤੇ ਹੀ ਮੌਜੂਦ ਸਨ। ਹੱਤਿਆ ਤੋਂ ਲਗਭਗ ਇਕ ਮਹੀਨਾ ਪਹਿਲਾਂ ਕੱਪਲ ਦਾ ਵੀਜ਼ਾ ਖਤਮ ਹੋ ਗਿਆ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪਲਕ ਪਟੇਲ ਭਾਰਤ ਵਾਪਸ ਪਰਤਣਾ ਚਾਹੁੰਦੀ ਸੀ ਪਰ ਉਸ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ
ਭਦ੍ਰੇਸ਼ ਨੂੰ ਫਰਨ ਵਿਚ ਮਦਦ ਕਰਨ ਲਈ ਇਸ ਤੋਂ ਪਹਿਲਾਂ ਵੀ FBI ਨੇ ਲਿਸਟ ਤੇ ਇਨਾਮ ਜਾਰੀ ਕੀਤਾ ਸੀ। ਜਾਣਕਾਰੀ ਲਈ 100,000 ਡਾਲਰ ਦੇ ਇਨਾਮ ਦੇ ਨਾਲ 2017 ਵਿਚ ਉਸ ਨੂੰ ਸੂਚੀ ਵਿਚ ਰੱਖਿਆ ਗਿਆ ਸੀ ਪਰ ਉਹ ਅਜੇ ਵੀ ਫਰਾਰ ਹੈ। ਅਪ੍ਰੈਲ 2015 ਵਿਚ ਪਟੇਲ ਤੇ ਉਸ ਦੀ ਪਤਨੀ ਡੰਕਿਨ ਡੋਨਟਸ ਸਟੋਰ ਵਿਚ ਰਾਤ ਦੀ ਪਾਲੀ ਵਿਚ ਕੰਮ ਕਰ ਰਹੇ ਸਨ। ਅਪਰਾਧ ਦੀ ਰਾਤ ਦੇ ਸੀਸੀਟੀਵੀ ਫੁਟੇਜ ਵਿਚ ਭਦ੍ਰੇਸ਼ ਤੇ ਪਲਕ ਨੂੰ ਰੈਕ ਦੇ ਪਿੱਛੇ ਗਾਇਬ ਹੋਣ ਤੋਂ ਪਹਿਲਾਂ ਸਟੋਰ ਦੀ ਰਸੋਈ ਵੱਲ ਇਕੱਠੇ ਜਾਂਦੇ ਹੋਏ ਦੇਖਿਆ ਗਿਆ ਸੀ।