ਆਮ ਤੌਰ ਤੇ ਅਸੀਂ ਦੂਜਿਆਂ ਨਾਲ ਗ਼ੁੱਸੇ ਹੁੰਦੇ ਹਾਂ ਤੇ ਕਈ ਵਾਰ ਆਪਣੇ ਆਪ ਨਾਲ ਵੀ ਹੁੰਦੇ ਹਾਂ। ਗ਼ੁੱਸਾ ਜਦੋਂ ਵੀ ਆਉਂਦਾ ਹੈ, ਉਸਦਾ ਇੱਕ ਹੀ ਕਾਰਨ ਹੁੰਦਾ ਹੈ ਕਿ ਅਸੀਂ ਦੂਜੇ ਤੋਂ ਕੁਝ ਆਸ ਕਰਦੇ ਸੀ ਤੇ ਉਹ ਪੂਰੀ ਨਹੀਂ ਹੋਈ। ਕਾਮਨਾਵਾਂ ਜਾਂ ਇਛਾਵਾਂ ਹੀ ਗ਼ੁੱਸੇ ਤੇ ਦੁੱਖ ਦਾ ਕਾਰਨ ਹਨ।
ਬੇਸ਼ਕ ਦੂਜੇ ਨੂੰ ਮਾੜਾ ਬੋਲ ਕੇ ਅਸੀਂ ਗ਼ੁੱਸਾ ਕੱਢ ਦੇਈਏ ਜਾਂ ਅੰਦਰ ਦਬਾਅ ਲਈਏ, ਸਾਡਾ ਹੀ ਨੁਕਸਾਨ ਕਰਦਾ ਹੈ।
ਬੁੱਧ ਦੇ ਇਹ ਬਚਨ ਇਹੀ ਦੱਸਦੇ ਹਨ ਕਿ ਗ਼ੁੱਸਾ ਦਬਾਉਣਾ ਜ਼ਹਿਰ ਪੀਣ ਸਮਾਨ ਹੈ ਤੇ ਅਜਿਹਾ ਸੋਚਣਾ ਹੈ ਕਿ ਜ਼ਹਿਰ ਅਸੀਂ ਪੀਈਏ ਤੇ ਮਰ ਕੋਈ ਹੋਰ ਜਾਏ, ਅਜਿਹਾ ਸੰਭਵ ਨਹੀਂ।
ਬਹੁਤੇ ਮਾਨਸਿਕ ਤੇ ਸਰੀਰਕ ਰੋਗ ਗ਼ੁੱਸੇ ਨੂੰ ਦਬਾਉਣ ਤੇ ਗਲਤ ਢੰਗ ਨਾਲ ਪ੍ਰਗਟ ਕਰਨ ਕਰਕੇ ਹੁੰਦੇ ਹਨ। ਇੱਛਾ ਰਹਿਤ ਹੋਣਾ ਹੀ ਗ਼ੁੱਸੇ ਤੋਂ ਛੁਟਕਾਰੇ ਦਾ ਸਾਧਨ ਹੈ। ਪਰ ਇੱਛਾਵਾਂ ਨੂੰ ਦਬਾਉਣਾ, ਇੱਛਾਵਾਂ ਨੂੰ ਪੂਰੀਆਂ ਕਰਨ ਲਈ ਦੌੜ ਭੱਜ ਕਰਨ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ।
ਗਾਲ਼ਾਂ ਕੱਢ ਕੇ, ਗੁੱਸੇ ਵਿੱਚ ਲਾਲ ਪੀਲ਼ਾ ਹੋ ਕੇ, ਲੜਾਈ ਤੇ ਤੋੜ ਭੰਨ ਕਰਕੇ, ਚੀਕ ਚਿਹਾੜਾ ਪਾ ਕੇ, ਉੱਚੀ ਉੱਚੀ ਬੋਲ ਕੇ, ਰੋ ਕੇ, ਗੁੱਸਾ ਬਾਹਰ ਕੱਢ ਦੇਣਾ, ਗ਼ੁੱਸਾ ਦਬਾਉਣ ਨਾਲ਼ੋਂ ਕਿਤੇ ਚੰਗਾ ਹੈ, ਪਰ ਇਸ ਨਾਲ਼ੋਂ ਸਾਨੂੰ ਗ਼ੁੱਸਾ ਕੱਢਣ ਦਾ ਆਰਟ ਸਿੱਖਣਾ ਚਾਹੀਦਾ ਹੈ। ਜੇ ਗ਼ੁੱਸੇ ਨੂੰ ਅੰਦਰ ਰੱਖੋਗੇ ਤਾਂ ਇਹ ਮਾਨਸਿਕ ਰੋਗ ਪੈਦਾ ਕਰੇਗਾ।
ਗੁੱਸੇ ਨੂੰ ਕੰਟਰੋਲ ਕਰਨ, ਦਬਾਉਣ, ਮੈਨੇਜ ਕਰਨ ਦੇ ਪੱਛਮ ਦੇ ਸਾਰੇ ਤਰੀਕੇ ਫੇਲ੍ਹ ਹੋ ਚੁੱਕੇ ਹਨ। ਇਸ ਨਾਲ਼ ਡਿਪਰੈਸ਼ਨ, ਚਿੰਤਾ, ਕੈਂਸਰ, ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਰੋਗ ਦਿਨੋ-ਦਿਨ ਦੁਨੀਆਂ ਭਰ ਵਿੱਚ ਵਧ ਰਹੇ ਹਨ। ਗ਼ੁੱਸਾ ਇੱਕ ਬਹੁਤ ਵੱਡੀ ਤਾਕਤ ਵੀ ਹੈ, ਜੇ ਇਸਨੂੰ ਕਿਸੇ ਚੰਗੇ ਕਾਰਜ ਵਿੱਚ ਬਦਲਿਆ ਜਾ ਸਕੇ ਤਾਂ ਮਨੁੱਖ ਦੀ ਕਾਇਆ ਕਲਪੀ ਹੋ ਸਕਦੀ ਹੈ। ਮਨ ਦੀ ਸਾਧਨਾ ਹੀ ਇਸਦਾ ਇੱਕੋ ਇੱਕ ਦਵਾਈਆਂ ਤੇ ਨਸ਼ਿਆਂ ਰਹਿਤ ਇਲਾਜ ਹੈ।
ਹਰਚਰਨ ਸਿੰਘ ਪ੍ਰਹਾਰ