ਸੂਡਾਨ : ਦੁਨੀਆ ਦੇ ਇੱਕ ਹੋਰ ਹਿੱਸੇ ਤੋਂ ਆਈ ਜਹਾਜ਼ ਹਾਦਸੇ ਦੀ ਖ਼ਬਰ ਨੇ ਇਕ ਵਾਰ ਫਿਰ ਲੋਕਾਂ ‘ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਦੱਖਣੀ ਸੂਡਾਨ ਦੀ ਰਾਜਧਾਨੀ ਜੁਬਾ ਦੇ ਕੋਲ ਇੱਕ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ। ਇਹ ਇੱਕ ਛੋਟਾ ਜਹਾਜ਼ ਸੀ ਅਤੇ ਇਸ ਵਿੱਚ ਪਾਇਲਟ ਅਤੇ ਜਹਾਜ਼ ਸਵਾਰ ਯਾਤਰੀਆਂ ਸਣੇ ਕੁੱਲ 14 ਲੋਕ ਸਵਾਰ ਸਨ।
ਦੱਖਣੀ ਸੂਡਾਨ ਦੀ ਸਿਵਲ ਐਵੀਏਸ਼ਨ ਅਥਾਰਟੀ ਨੇ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ 7:15 ਵਜੇ ਵਾਪਰਿਆ। ਜਹਾਜ਼ ਨੇ ਜੁਬਾ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਕਰੀਬ 20 ਕਿਲੋਮੀਟਰ ਬਾਅਦ ਜਾ ਕੇ ਦੁਰਘਟਨਾਗ੍ਰਸਤ ਹੋ ਗਿਆ। ਇਸ ਜਹਾਜ਼ ਦਾ ਨਾਮ ਸੈਸਨਾ (Cessna) ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 13 ਯਾਤਰੀਆਂ ਅਤੇ ਪਾਇਲਟ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਲਾਸ਼ਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ ਹੈ।
ਅਧਿਕਾਰੀਆਂ ਅਨੁਸਾਰ, ਹਾਦਸੇ ਦਾ ਮੁੱਢਲਾ ਕਾਰਨ ਖ਼ਰਾਬ ਮੌਸਮ ਅਤੇ ਘੱਟ ਵਿਜ਼ੀਬਿਲਟੀ ਦੱਸਿਆ ਜਾ ਰਿਹਾ ਹੈ। ਘਟਨਾ ਸਥਾਨ ‘ਤੇ ਪਹੁੰਚੀ ਬਚਾਅ ਟੀਮ ਦੇ ਇੱਕ ਮੈਂਬਰ ਨੇ ਕਿਹਾ ਕਿ ਸਾਰੀਆਂ ਲਾਸ਼ਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਅਤੇ ਕਿਸੇ ਦੀ ਵੀ ਪਛਾਣ ਕਰ ਪਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ।
ਦੱਸ ਦੇਈਏ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚ 12 ਦੱਖਣੀ ਸੂਡਾਨੀ ਅਤੇ 2 ਕੇਨੀਆਈ ਨਾਗਰਿਕ ਸ਼ਾਮਲ ਹਨ। ਰਿਪੋਰਟਾਂ ਅਨੁਸਾਰ, ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਅਧਿਕਾਰਤ ਜਾਂਚ ਰਿਪੋਰਟ ਸਾਹਮਣੇ ਨਹੀਂ ਆਈ ਹੈ। ਜਾਂਚ ਏਜੰਸੀਆਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦੀ ਜਾਣਕਾਰੀ ਮਿਲ ਸਕੇਗੀ।
ਇਸ ਤੋਂ ਪਹਿਲਾਂ ਜਨਵਰੀ 2025 ਵਿੱਚ ਉੱਤਰੀ ਦੱਖਣੀ ਸੂਡਾਨ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਵੀਹ ਲੋਕਾਂ ਦੀ ਮੌਤ ਹੋ ਗਈ ਸੀ। 2021 ਵਿੱਚ ਵਰਲਡ ਫੂਡ ਪ੍ਰੋਗਰਾਮ (WFP) ਲਈ ਤੇਲ (ਫਿਊਲ) ਲੈ ਕੇ ਜਾ ਰਹੇ ਇੱਕ ਕਾਰਗੋ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ।
