ਲੁਧਿਆਣਾ (ਰਘਬੀਰ ਸਿੰਘ ਕਾਹਲੋਂ): ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਇੱਕ ਅਹਿਮ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪੁਲਿਸ ਵਿਭਾਗ ਦੀ ਡਰੱਗ ਡਿਸਪੋਜ਼ਲ ਕਮੇਟੀ ਦੀ ਨਿਗਰਾਨੀ ਹੇਠ ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਵਿਗਿਆਨਕ ਵਿਧੀ (ਇੰਸੀਨੇਟਰ) ਰਾਹੀਂ ਨਸ਼ਟ ਕੀਤਾ ਗਿਆ।
ਇਹ ਕਾਰਵਾਈ ਚੌਂਕੀ ਈਸ਼ਵਰ ਨਗਰ (ਥਾਣਾ ਫੋਕਲ ਪੁਆਇੰਟ) ਵਿਖੇ ਕੀਤੀ ਗਈ, ਜਿੱਥੇ ਵੱਖ-ਵੱਖ ਥਾਣਿਆਂ ਦੇ ਮਾਲਖਾਨਿਆਂ ਵਿੱਚ ਪਏ ਨਸ਼ੀਲੇ ਪਦਾਰਥਾਂ ਦੀ ਮੁਕੰਮਲ ਜਾਂਚ ਤੋਂ ਬਾਅਦ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ।
ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਵੇਰਵਾ:
ਪੁਲਿਸ ਵੱਲੋਂ ਕੁੱਲ 179 ਕੇਸਾਂ ਨਾਲ ਸੰਬੰਧਿਤ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ, ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
* ਭੁੱਕੀ: ਲਗਭਗ 4 ਕੁਇੰਟਲ 50 ਕਿਲੋ (18 ਕੇਸ)
* ਹੈਰੋਇਨ: 12 ਕਿਲੋ 677 ਗ੍ਰਾਮ 99 ਮਿਲੀਗ੍ਰਾਮ (113 ਕੇਸ)
* ਗਾਂਜਾ: ਲਗਭਗ 18 ਕਿਲੋ 809 ਗ੍ਰਾਮ (20 ਕੇਸ)
* ਨਸ਼ੀਲੀਆਂ ਗੋਲੀਆਂ: 6011 ਗੋਲੀਆਂ (19 ਕੇਸ)
* ਚਰਸ: 700 ਗ੍ਰਾਮ (1 ਕੇਸ)
* ਪੋਸਤ ਦੇ ਹਰੇ ਪੌਦੇ: 4 ਕਿਲੋ 500 ਗ੍ਰਾਮ (1 ਕੇਸ)
* ਨਸ਼ੀਲਾ ਪਾਊਡਰ: 172 ਗ੍ਰਾਮ (7 ਕੇਸ)
ਕੁੱਲ ਮਿਲਾ ਕੇ 4 ਕੁਇੰਟਲ 36 ਕਿਲੋ 908 ਗ੍ਰਾਮ 99 ਮਿਲੀਗ੍ਰਾਮ ਨਸ਼ੀਲੇ ਪਦਾਰਥ ਅਤੇ 6011 ਨਸ਼ੀਲੀਆਂ ਗੋਲੀਆਂ ਨਿਯਮਾਂ ਅਨੁਸਾਰ ਸਫਲਤਾਪੂਰਵਕ ਨਸ਼ਟ ਕੀਤੀਆਂ ਗਈਆਂ।
ਪੁਲਿਸ ਕਮਿਸ਼ਨਰ Swapan Sharma,IPS ਨੇ ਦੱਸਿਆ ਕਿ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਲਈ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ। ਨਸ਼ਾ ਤਸਕਰਾਂ ਵਿਰੁੱਧ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਕੀਤੀ ਜਾਵੇਗੀ। ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ ਰਹੇਗੀ ਤਾਂ ਜੋ ਮਾਲਖਾਨਿਆਂ ਦਾ ਸਹੀ ਪ੍ਰਬੰਧਨ ਹੋ ਸਕੇ ਅਤੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ।
