ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਬੱਘੀਆਂ ਦੀ ਸਵਾਰੀ ਬੰਦ ਕਰਨ ਲਈ ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਕਾਨੂੰਨ ਦਾ ਨਾਂ ਪਠਾਨਕੋਟ ਦੇ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਸਾਲ ਗਰਮੀਆਂ ਦੌਰਾਨ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ ਨਾਲ ਵਾਪਰੇ ਹਾਦਸੇ ਵਿੱਚ ਰੋਮਾਂਚ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਘੋੜਾ-ਗੱਡੀਆਂ ਦੀ ਸੁਰੱਖਿਆ ਨੂੰ ਲੈ ਕੇ ਪਾਬੰਦੀ ਦੀ ਮੰਗ ਮੁੜ ਤੇਜ਼ ਹੋ ਗਈ ਸੀ।
ਫੋਟੋ ਖਿੱਚਣ ਦੌਰਾਨ ਬੇਕਾਬੂ ਹੋਇਆ ਘੋੜਾ
ਰੋਮਾਂਚ ਆਪਣੇ ਪਿਤਾ ਦੀਪਕ ਮਹਾਜਨ, ਮਾਤਾ ਪ੍ਰੀਆ ਮਹਾਜਨ ਅਤੇ ਛੋਟੇ ਭਰਾ ਮਾਣਕ ਨਾਲ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ ਦੀ ਸਵਾਰੀ ਕਰ ਰਿਹਾ ਸੀ। ਇਸ ਦੌਰਾਨ ਪਰਿਵਾਰ ਨੇ ਫੋਟੋ ਖਿੱਚਣ ਲਈ ਚਾਲਕ ਨੂੰ ਮੋਬਾਈਲ ਫੜਾਇਆ। ਦੱਸਿਆ ਗਿਆ ਹੈ ਕਿ ਕੈਮਰੇ ਦੀ ਫਲੈਸ਼ ਕਾਰਨ ਘੋੜਾ ਭੜਕ ਗਿਆ ਅਤੇ ਤੇਜ਼ੀ ਨਾਲ ਦੌੜਨ ਲੱਗਾ।
ਇਸ ਦੌਰਾਨ ਰੋਮਾਂਚ ਦੀ ਮਾਂ ਗੱਡੀ ਤੋਂ ਹੇਠਾਂ ਡਿੱਗ ਗਈ। ਮਾਂ ਨੂੰ ਬਚਾਉਣ ਲਈ ਰੋਮਾਂਚ ਵੀ ਗੱਡੀ ਤੋਂ ਉਤਰ ਕੇ ਪਿੱਛੇ ਭੱਜਿਆ, ਪਰ ਅੱਗੇ ਜਾ ਕੇ ਘੋੜਾ-ਗੱਡੀ ਪਲਟ ਗਈ। ਇਸ ਹਾਦਸੇ ਵਿੱਚ ਰੋਮਾਂਚ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਬਿੱਲ ਦੇ ਹੱਕ ਵਿੱਚ 40 ਵੋਟਾਂ ਪਈਆਂ
ਨਿਊਯਾਰਕ ਨਗਰ ਕੌਂਸਲ ਨੇ ‘ਰੋਮਾਂਚ ਕਾਨੂੰਨ’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿੱਲ ਦੇ ਹੱਕ ਵਿੱਚ 40 ਅਤੇ ਵਿਰੋਧ ਵਿੱਚ ਸੱਤ ਵੋਟਾਂ ਪਈਆਂ, ਜਦਕਿ ਦੋ ਮੈਂਬਰ ਵੋਟਿੰਗ ਤੋਂ ਗ਼ੈਰ-ਹਾਜ਼ਰ ਰਹੇ। ਹੁਣ ਇਸ ਨੂੰ ਦਸਤਖ਼ਤ ਲਈ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਕੋਲ ਭੇਜਿਆ ਜਾਵੇਗਾ।
ਇਸ ਕਾਨੂੰਨ ਤਹਿਤ ਪਹਿਲੀ ਜੂਨ 2028 ਤੱਕ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀਆਂ ਦਾ ਸੰਚਾਲਨ ਪੜਾਅਵਾਰ ਬੰਦ ਕਰ ਦਿੱਤਾ ਜਾਵੇਗਾ।
ਕਾਮਿਆਂ ਅਤੇ ਘੋੜਿਆਂ ਦੀ ਸੁਰੱਖਿਆ ਦਾ ਵੀ ਧਿਆਨ
ਨਗਰ ਕੌਂਸਲ ਮੁਤਾਬਕ, ਅਗਲੇ 19 ਮਹੀਨਿਆਂ ਦੌਰਾਨ ਇਸ ਉਦਯੋਗ ਨੂੰ ਪੜਾਅਵਾਰ ਖ਼ਤਮ ਕਰਨ ਦੀ ਯੋਜਨਾ ਹੈ। ਇਸ ਦੌਰਾਨ ਘੋੜਿਆਂ ਦੀ ਸੁਰੱਖਿਆ ਅਤੇ ਇਸ ਕੰਮ ਨਾਲ ਜੁੜੇ ਲੋਕਾਂ ਦੀ ਰੋਜ਼ੀ-ਰੋਟੀ ਦਾ ਵੀ ਧਿਆਨ ਰੱਖਿਆ ਜਾਵੇਗਾ।
ਨਗਰ ਕੌਂਸਲ ਦੀ ਪ੍ਰਧਾਨ ਜੂਲੀ ਮੇਨਿਨ ਨੇ ਬਿੱਲ ਦੇ ਪਾਸ ਹੋਣ ਨੂੰ ਇਤਿਹਾਸਕ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਰੋਮਾਂਚ ਦੀ ਦੁਖਦਾਈ ਅਤੇ ਟਾਲੀ ਜਾ ਸਕਣ ਵਾਲੀ ਮੌਤ ਨੇ ਲੰਮੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ’ਤੇ ਤੁਰੰਤ ਕਾਰਵਾਈ ਦੀ ਲੋੜ ਨੂੰ ਉਜਾਗਰ ਕੀਤਾ ਹੈ।
