ਭਾਨਾ ਸਿੱਧੂ ਦੇ ਹੱਕ ਵਿੱਚ ਲਗਾਏ ਗਏ ਧਰਨੇ ਨੂੰ ਲੈ ਕੇ ਲੱਖਾ ਸਿਧਾਣਾ ਤੇ ਭਾਨਾ ਸਿੱਧੂ ਦੇ ਪਰਿਵਾਰ ‘ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਕੁਲ ਮਿਲਾ ਕੇ 18 ਲੋਕਾਂ ਦੇ ਖਿਲਾਫ ਇਹ ਪਰਚਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਭਾਨਾ ਸਿੱਧੂ ਦੇ ਪਿਤਾ ਤੋਂ ਇਲਾਵਾ ਉਸ ਦੇ ਭਰਾ, ਦੋਵੇਂ ਭੈਣਾਂ, ਸਰਪੰਚ ਸਮੇਤ ਕਈਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਦੱਸ ਦੇਈਏ ਕਿ 3 ਫਰਵਰੀ ਨੂੰ ਸੰਗਰੂਰ ਵਿੱਚ ਭਾਨਾ ਸਿੱਧੂ ਦੇ ਹੱਕ ਵਿੱਚ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਸੀ। ਪਰਚੇ ਵਿੱਚ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ, ਭੀੜ ਨੂੰ ਉਕਸਾਉਣ ਤੇ ਪੁਲਿਸ ‘ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ। FIR ਵਿੱਚ ਨੈਸ਼ਨਲ ਹਾਈਵੇ ਐਕਟ 8ਬੀ, ਡੈਮੇਜ ਟੂ ਪਬਲਕਿ ਪ੍ਰਾਈਵੇਟ ਪ੍ਰਾਪਰਟੀ ਐਕਟ ਦੀ ਧਾਰਾ 4, ਧਾਰਾ ਆਈਪੀਸੀ 283, 186, 353, 279, 427, 307, 148, 149, 117, 268 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ, ਜਿਸ ਤਹਿਤ ਭਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ, ਭਰਾ ਅਮਨਾ ਸਿੰਘ, ਭੈਣ ਕਿਰਨਪਾਲ ਕੌਰ, ਭੈਣਾਂ ਸੁਖਪਾਲ ਕੌਰ ਤੇ ਕਿਰਨਪਾਲ ਕੌਰ, ਸਰਪੰਚ ਸਰਬਜੀਤ ਸਿੰਘ, ਪੰਚ ਰਣਜੀਤ ਸਿੰਘ, ਪੰਚ ਰਮਜੀਤ ਸਿੰਘ ਤੇ ਲੱਖਾ ਸਿਧਾਣਾ ਸਣੇ ਕੁਲ 18 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਦਰਜ ਪਰਚੇ ਵਿਆਚ ਕਿਹਾ ਗਿਆ ਹੈ ਕਿ ਪੁਲਿਸ ਪਾਰਟੀ ਦੇ ਲਾਅ ਐਂਡ ਆਰਡਰ ਸਬੰਧੀ ਟੋਲ ਪਲਾਜ਼ਾ ਬਡਵਰ ਵਿਖੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਤੇ ਇਸ ਨਾਕਾਬੰਦੀ ‘ਤੇ ਭਾਨਾ ਸਿੱਧੂ ਦੇ ਰਿਸ਼ਤੇਦਾਰ, ਸਰਪੰਚ, ਲੱਖਾਂ ਸਿਧਾਣਾ ਨੇ ਇਥੇ ਕਾਫੀ ਨੌਜਵਾਨਾਂ ਨੂੰ ਇਕੱਠਾ ਕੀਤਾ। ਟਰੈਕਟਰ-ਟਰਾਲੀਆਂ ਲਿਆ ਕੇ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ, ਟ੍ਰੈਫਿਕ ਰੋਕ ਦਿੱਤਾ ਗਿਆ। ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਮਝਾਉਣ ਦੇ ਬਾਵਜੂਦ ਵੀ ਇਹ ਨਹੀਂ ਮੰਨੇ ਅਤੇ ਭੀੜ ਨੂੰ ਵਾਰ-ਵਾਰ ਪੁਲਿਸ ‘ਤੇ ਹਮਲਾ ਕਰਨ ਲਈ ਉਕਸਾਇਆ ਗਿਆ। ਪੁਲਿਸ ਦੀ ਸਰਕਾਰੀ ਬੱਸ ਤੇ ਨੈਸ਼ਨਲ ਹਾਈਵੇ ਦੀ ਭੰਨਤੋੜ ਕੀਤੀ ਗਈ ਅਤੇ ਪੁਲਿਸ ਦੀ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਗਿਆ।
ਦੱਸ ਦੇਈਏ ਕਿ 20 ਜਨਵਰੀ ਨੂੰ ਭਾਨਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਹਿਲਾ ਟਰੈਵਲ ਏਜੰਟ ਇੰਦਰਜੀਤ ਕੌਰ (42) ਵਾਸੀ ਸੈਕਟਰ-32 ਏ ਨੇ ਭਾਨਾ ਸਿੱਧੂ ਡਰਾਉਣ ਧਮਕਾਉਣ ਤੇ ਪੈਸੇ ਮੰਗਣ ਦਾ ਦੋਸ਼ ਲਾਇਆ ਸੀ। ਇਸ ਮਗਰੋਂ 26 ਜਨਵਰੀ ਨੂੰ ਭਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ ਪਰ ਉਸ ਖਿਲਾਫ ਪਟਿਆਲਾ ਵਿੱਚ ਇੱਕ ਹੋਰ ਮਾਮਲਾ ਦਰਜ ਹੋ ਗਿਆ ਤੇ ਉਸ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। ਭਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਹੀ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਅੱਜ ਟ੍ਰੇਨ ਰੋਕੋ ਅੰਦੋਲਨ ਦੀ ਸ਼ੁਰੂਆਤ ਕਰਨੀ ਸੀ ਪਰ ਉਨ੍ਹਾਂ ਨੂੰ ਉਨ੍ਹਾਂ ਦੇ ਸਮਰਥਕਾਂ ਨਾਲ ਪਹਿਲਾਂ ਹੀ ਹਾਊਸ ਅਰੈਸਟ ਕਰ ਲਿਆ ਗਿਆ।