ਆਮ ਆਦਮ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ BBC ਨੂੰ ਦਿੱਤੇ ਇੱਕ ਇੰਟਰਵਿਊ ‘ਚ ਕਿਹਾ ਹੈ, ‘‘ਕਦੇ ਜੋ ਕਾਨੂੰਨੀ ਲੜਾਈ ਕੈਪਟਨ ਬਨਾਮ ਕੁੰਵਰ ਵਿਜੇ ਪ੍ਰਤਾਪ ਸੀ, ਉਹ ਭਗਵੰਤ ਮਾਨ ਬਨਾਮ ਕੁੰਵਰ ਵਿਜੇ ਪ੍ਰਤਾਪ ਹੋ ਗਈ ਹੈ।ਮੇਰੀ ਸਰਕਾਰ ਵਿੱਚ ਹੀ ਮੇਰੇ ਉੱਤੇ ਤਸ਼ੱਦਦ ਹੋ ਰਿਹਾ ਹੈ।’’
ਕੁੰਵਰ ਵਿਜੇ ਪ੍ਰਤਾਪ ਪੰਜਾਬ ਪੁਲਿਸ ਦੇ ਸਾਬਕਾ ਆਈ ਜੀ ਹਨ, ਉਹ 2022 ਦੀਆਂ ਚੋਣਾਂ ਤੋਂ ਪਹਿਲਾਂ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਦੌਰਾਨ ਉਹ ਪਾਰਟੀ ਟਿਕਟ ਉੱਤੇ ਚੋਣ ਲੜੇ ਅਤੇ ਵਿਧਾਨ ਸਭਾ ਮੈਂਬਰ ਬਣੇ। ਕੁੰਵਰ ਵਿਜੇ ਪ੍ਰਤਾਪ 2015 ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਇਸ ਤੋਂ ਬਾਅਦ ਨਿਆਂ ਲਈ ਸੰਘਰਸ਼ ਕਰ ਰਹੇ ਲੋਕਾਂ ਉੱਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਵਿੱਚ ਸ਼ਾਮਲ ਰਹੇ ਹਨ।
ਕੁੰਵਰ ਵਿਜੇ ਪ੍ਰਤਾਪ ਆਪਣੀ ਸਰਕਾਰ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸਹੀ ਦਿਸ਼ਾ ਵਿੱਚ ਨਾ ਜਾਉਣ ਦਾ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਪਿਛਲੇ ਦਿਨੀ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸ਼ਬਦੀ ਹਮਲਾ ਕੀਤਾ ਅਤੇ ਆਪਣੇ ਨਾਲ ਸਿਆਸੀ ਧੋਖਾ ਹੋਣ ਦਾ ਇਲਜ਼ਾਮ ਲਾਇਆ।