ਮੈਂ ਅੱਜ ਵੀ ਬਾਗੀ, ਜਿੱਤਣ ਤੋਂ ਬਾਅਦ ਵੀ ਰਹਾਂਗਾ ਬਾਗੀ- ਖਹਿਰਾ
ਬਰਨਾਲਾ (ਹਰਜਿੰਦਰ ਸਿੰਘ ਪੱਪੂ)- ਇਕ ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਮੁੱਚੀਆਂ ਧਿਰਾਂ ਮੈਦਾਨੇ ਜੰਗ ਵਿੱਚ ਉਤਰ ਗਈਆਂ ਹਨ ।ਝੰਡਾ ਕਿਹੜੀ ਪਾਰਟੀ ਦਾ ਝੁਲੇਗਾ, ਇਹ ਤਾਂ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਪਿਛਲੇ ਤਿੰਨ ਦਹਾਕਿਆਂ ਤੋਂ ਬੇਇਨਸਾਫੀ ਖਿਲਾਫ ਲੜਾਈ ਲੜ ਰਹੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਸਮੇਤ ਆਮ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰਾਜਨੀਤਿਕ ਤੌਰ ਤੇ ਆਪਣੀ ਵਿਸ਼ੇਸ਼ ਜਗ੍ਹਾ ਬਣਾ ਚੁੱਕੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਹਜ਼ਾਰਾਂ ਸਮਰਥਕਾਂ ਨੂੰ ਸੱਦ ਕੇ ਖਹਿਰਾ ਨੂੰ ਖੁੱਲਾ ਸਮਰਥਨ ਦਿੰਦਿਆ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਗੇ ਆਗੂ ਨੂੰ ਚੁਣ ਕੇ ਪਾਰਲੀਮੈਂਟ ਚ ਭੇਜਣਾ ਪੰਜਾਬ ਦੇ ਭਲੇ ਲਈ ਇੱਕ ਚੰਗਾ ਕਦਮ ਹੈ ।ਕਿਉਂਕਿ ਇਸ ਦਮਦਾਰ ਆਵਾਜ਼ ਦੀ ਪਾਰਲੀਮੈਂਟ ਵਿੱਚ ਬਹੁਤ ਵੱਡੀ ਲੋੜ ਹੈ ।ਆਮ ਆਦਮੀ ਪਾਰਟੀ ਨੂੰ ਰਗੜੇ ਲਗਾਉਂਦੇ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਝੂਠ ਬੋਲ ਕੇ ਸੱਤਾ ਹਾਸਲ ਕਰਨ ਵਾਲੀ ਪਾਰਟੀ ਨੂੰ ਪੰਜਾਬ ਦੇ ਲੋਕ ਕਿਸੇ ਵੀ ਸੱਤਾ ਵਿੱਚ ਨਹੀਂ ਦੇਖਣਾ ਚਾਹੁੰਦੇ। ਵਿਰਕ ਨੇ ਕਿਹਾ ਕਿ ਇਹ ਸੀਟ ਜਿਤਾਉਣ ਲਈ ਅੱਜ ਤੋਂ ਹੀ ਸਾਡੇ ਵਰਕਰ ਜੁਟ ਗਏ ਹਨ ਤੇ ਉਮੀਦ ਕਰਦੇ ਹਾਂ ਕਿ ਗੁਰੂ ਸਾਹਿਬ ਚੜਦੀ ਕਲਾਂ ਬਖਸ਼ਣਗੇ ।ਅਖੀਰ ਵਿੱਚ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਭੋਲਾ ਸਿੰਘ ਵਿਰਕ ਦੀ ਸਲਾਘਾ ਕਰਦਾ ਕਿ ਹਮੇਸ਼ਾ ਚੜਦੀ ਕਲਾਂ ਤੇ ਬੇਇਨਸਾਫੀ ਖਿਲਾਫ ਲੜਾਈ ਲੜਨ ਵਾਲੇ ਭੋਲਾ ਸਿੰਘ ਵੱਲੋਂ ਦਿੱਤੇ ਸਹਿਯੋਗ ਨਾਲ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ।ਆਮ ਆਦਮੀ ਪਾਰਟੀ ਦੇ ਸੰਬੰਧ ਵਿੱਚ ਖਹਿਰਾ ਨੇ ਕਿਹਾ ਕਿ ਜਦੋਂ ਪੰਜਾਬ ਦੇ ਪੁੱਤ ਮਰਦੇ ਹਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਕੈਬਨਿਟ ਨੂੰ ਰੋਣਾ ਨਹੀਂ ਆਇਆ ,ਜਦਕਿ ਕਰੋੜਾਂ ਰੁਪਏ ਛਕ ਜਾਣ ਵਾਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈ ਡੀ ਵੱਲੋਂ ਜੇਲ ਵਿੱਚ ਜਦੋਂ ਡੱਕ ਦਿੱਤਾ ਗਿਆ ਹੈ ਤਾਂ ਹੁਣ ਭਗਵੰਤ ਮਾਨ ਅਤੇ ਉਸਦੇ ਮੰਤਰੀਆਂ ਨੂੰ ਰੋਣਾ ਆ ਰਿਹਾ ਹੈ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਚ ਕਾਂਗਰਸੀ ਵਿਧਾਇਕਾਂ ਤੇ ਮਾੜੀ ਸ਼ਬਦਾਵਲੀ ਵਰਤੀ ਗਈ ਹੈ ।ਜਿਸ ਦਾ ਉਹਨਾਂ ਵੱਲੋਂ ਖੂਬ ਜਵਾਬ ਦਿੱਤਾ ਗਿਆ। ਇੱਥੇ ਵੀ ਉਹਨਾਂ ਪੰਜਾਬ ਦੇ 92 ਜਿੱਤੇ ਹੋਏ ਵਿਧਾਇਕਾਂ ਤੇ ਟਿੱਪਣੀਆਂ ਕਰਦਿਆ ਕਿਹਾ ਕਿ ਪਤਾ ਲੱਗਿਆ ਹੈ ਕਿ ਮਹਿਲ ਕਲਾਂ ਤੋਂ ਇਕ ਵਿਧਾਇਕ ਚੰਡੀਗੜ੍ਹ -ਮੋਹਾਲੀ ਵਿਖੇ ਆਪਣੀ ਕਰੋੜਾਂ ਦੀ ਕੋਠੀ ਪਾ ਰਿਹਾ ਹੈ ।ਜਦ ਕਿ ਇਹ ਲੋਕ ਆਮ ਆਦਮੀ ਹੋਣ ਦੀਆਂ ਦਹਾਈਆਂ ਦਿੰਦੇ ਸਨ ।ਜਿਸ ਦਾ ਜਵਾਬ ਹਲਕੇ ਦੇ ਲੋਕਾਂ ਵੱਲੋਂ ਉਕਤ ਵਿਧਾਇਕ ਤੋਂ ਲੈਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਜੇਕਰ ਉਹਨਾਂ ਨੂੰ ਪਾਰਲੀਮੈਂਟ ਚ ਜਾਣ ਦਾ ਬਲ ਬਖਸਿਆ ਤਾਂ ਦੇਸ਼ ਦੀ ਪਾਰਲੀਮੈਂਟ ਚ ਪਤਾ ਲੱਗੇਗਾ ਕਿ ਸੰਗਰੂਰ ਹਲਕੇ ਦੇ ਲੋਕਾਂ ਵੱਲੋਂ ਕੋਈ ਨੁਮਾਇੰਦਾ ਜਿਤਾ ਕੇ ਭੇਜਿਆ ਹੈ। ਇਸ ਸਮੇਂ ਸੁਖਪਾਲ ਸਿੰਘ ਖਹਿਰਾ ਤੇ ਭੋਲਾ ਸਿੰਘ ਵਿਰਕ ਸਮੇਤ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ, ਮੱਖਣ ਸ਼ਰਮਾ, ਕੌਂਸਲਰ ਮਹੇਸ਼ ਲੋਟਾ ,ਸਾਬਕਾ ਚੇਅਰਮੈਨ ਗੁਰਜੀਤ ਰਾਮਨਿਵਾਸੀਆ ਸਮੇਤ ਜਿਲ੍ਹਾ ਬਰਨਾਲਾ,ਗੁਰਮੇਲ ਸਿੰਘ ਮੌੜ ,ਸਰਪੰਚ ਰਣਜੀਤ ਸਿੰਘ ਸੇਰਪੁਰ, ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਚਰਨਜੀਤ ਸਿੰਘ ਛੀਨੀਵਾਲ ਖੁਰਦ ਤੋਂ ਇਲਾਵਾ ਦੇ ਵੱਖ ਵੱਖ ਪਿੰਡਾਂ ਚੋਂ ਭੋਲਾ ਸਿੰਘ ਵਿਰਕ ਦੇ ਸਮਰਥਕ ਪੰਚ ਸਰਪੰਚ ਤੇ ਵਰਕਰ ਆਦਿ ਹਾਜਰ ਸਨ।