ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿੱਚ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਬਣ ਗਿਆ ਜਦ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫਸਰ ਬਣ ਆਪਣੇ ਜੱਦੀ ਪਿੰਡ ਪਹੁੰਚੀ। ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੋਣ ਲਈ ਘਰ ਵਿੱਚ ਰਿਸ਼ਤੇਦਾਰ ਅਤੇ ਗੁਆਂਢੀ ਫੌਜ ਵਿੱਚ ਅਫਸਰ ਬਣੀ ਧੀ ਅਤੇ ਉਸਦੇ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ। ਖਾਸ ਇਹ ਹੈ ਕਿ ਇਹ ਪਰਿਵਾਰ ਤਿੰਨ ਪੀੜੀਆਂ ਤੋਂ ਫੌਜ ਰਾਹੀ ਦੇਸ਼ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਜਿਥੇ ਉਸਦੇ ਦਾਦਾ, ਪਿਤਾ ਅਤੇ ਚਾਚੇ ਜੇ.ਸੀ.ਓ ਦੇ ਰੈਂਕ ‘ਤੇ ਫੌਜ ਤੋਂ ਸੇਵਾਮੁਕਤ ਹੋਏ ਉਥੇ ਹੀ ਪਰਿਵਾਰ ਦੀ ਚੌਥੀ ਪੀੜੀ ਵਿੱਚੋਂ ਜੀਵਨਜੋਤ ਫੌਜ ਵਿੱਚ ਬਤੌਰ ਅਫਸਰ ਸ਼ਾਮਲ ਹੋਣ ਵਾਲੀ ਪਰਿਵਾਰ ਦੀ ਪਹਿਲੀ ਧੀ ਹੈ।
ਜੀਵਨਜੋਤ ਕੌਰ ਦੇ ਇਸ ਅਫਸਰ ਰੈਂਕ ਤਕ ਪਹੁੰਚਣ ਪਿੱਛੇ ਇਕ ਵੱਡਾ ਸੰਘਰਸ਼ ਰਿਹਾ। ਜੀਵਨਜੋਤ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਅਤੇ 12 ਵੀ ਤਕ ਦੀ ਸਿਖਿਆ ਪਿੰਡ ਅਤੇ ਬਟਾਲਾ ਦੇ ਇੱਕ ਨਿੱਜੀ ਸਕੂਲ ਵਿੱਚ ਪੂਰੀ ਕੀਤੀ ਤਾਂ ਬਾਅਦ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਪਰ ਉਦੋਂ ਇਕ ਚੰਗੀ ਆਈਟੀ ਸੈਕਟਰ ਵਿੱਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ ਕੀਤੀ ।
ਜਿਸ ਵਿੱਚ ਉਸਦੀ ਚੰਗੀ ਤਨਖਾਹ ਵੀ ਸੀ ਪਰ ਲਾਕਡਾਊਨ ਵਿੱਚ ਜਦੋਂ ਭੈਣ-ਭਰਾ ਘਰ ਵਿੱਚ ਇਕੱਠੇ ਹੋਏ ਤਾਂ ਭਰਾ ਅਰਸ਼ਦੀਪ ਜੋ ਐਨਜੀਏ ਦੀ ਤਿਆਰੀ ਕਰ ਰਿਹਾ ਸੀ ਨੇ ਜੀਵਨਜੋਤ ਨੂੰ ਵੀ ਫੌਜ ਦੀ ਤਿਆਰੀ ਕਰਨ ਲਈ ਮੋਟੀਵੇਟ ਕੀਤਾ । ਭਰਾ ਦੇ ਕਹਿਣ ਤੇ ਉਸਨੇ ਤਿਆਰੀ ਸ਼ੁਰੂ ਕਰ ਦਿੱਤੀ । ਜਿਸ ਤੋਂ ਬਾਅਦ ਉਸਨੇ ਏਅਰਫੋਸ ਅਕੈਡਮੀ ਹੈਦਰਾਬਾਦ ਵਿੱਚ ਦਾਖਲਾ ਲਿਆ। ਹਾਲਾਂਕਿ ਇਹ ਸਫ਼ਰ ਇੰਨਾ ਆਸਾਨ ਨਹੀਂ ਸੀ ਕਿਉਂਕਿ ਉਸਨੂੰ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਤੀਸਰੀ ਵਾਰ ਸਫਲਤਾ ਮਿਲੀ। ਉਥੇ ਹੀ ਹੁਣ ਜੀਵਨਜੋਤ ਨੇ ਬਹੁਤ ਹੀ ਸਖਤ ਸਮਝੀ ਜਾਂਦੀ ਆਪਣੀ ਕਰੀਬ ਦੋ ਸਾਲ ਦੀ ਟ੍ਰੇਨਿੰਗ ਪੂਰੀ ਕਰ ਲਈ ਹੈ।