ਜਲੰਧਰ: ਜਲੰਧਰ ਵਿੱਚ BSF ਹੈੱਡਕੁਆਰਟਰ ਦੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿੱਚ ਸਕੂਟੀ ਮਾਲਕ ਨੌਜਵਾਨ ਨੂੰ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਉਹ ਕਿਸੇ ਵੀ ਗਲਤ ਕੰਮ ਵਿੱਚ ਸ਼ਾਮਲ ਨਹੀਂ ਸੀ ਅਤੇ ਸਿਰਫ ਆਪਣੀ ਡਿਊਟੀ ਕਰ ਰਿਹਾ ਸੀ।

ਨੌਜਵਾਨ ਗੁਰਪ੍ਰੀਤ ਉਰਫ਼ ਕਰਿਸ਼ ਨੇ ਦੱਸਿਆ ਕਿ ਧਮਾਕਾ ਬਹੁਤ ਜ਼ੋਰ ਦਾਰ ਸੀ, ਜਿਸ ਕਾਰਨ ਉਹ ਅਜੇ ਵੀ ਇੱਕ ਕੰਨ ਨਾਲ ਠੀਕ ਤਰ੍ਹਾਂ ਨਹੀਂ ਸੁਣ ਸਕਦਾ ਅਤੇ ਉਸ ਦੀ ਇੱਕ ਲੱਤ ਵੀ ਪ੍ਰਭਾਵਿਤ ਹੋਈ ਹੈ। ਉਸ ਨੇ ਕਿਹਾ ਕਿ ਜੇ ਧਮਾਕੇ ਵੇਲੇ ਉਸ ਦੇ ਪਿਤਾ ਦਾ ਫੋਨ ਨਾ ਆਉਂਦਾ ਤਾਂ ਉਹ ਸ਼ਾਇਦ ਨਾਂ ਬਚਦਾ।

ਉਸ ਨੇ ਦੱਸਿਆ ਕਿ ਉਹ ਪਾਰਸਲ ਲੈਣ ਲਈ ਗਿਆ ਸੀ ਅਤੇ ਧਮਾਕੇ ਤੋਂ ਕੁਝ ਮਿੰਟ ਪਹਿਲਾਂ ਸਕੂਟੀ ‘ਤੇ ਬੈਠ ਕੇ ਮੈਲ ਚੈੱਕ ਕਰ ਰਿਹਾ ਸੀ। ਇਸ ਦੌਰਾਨ ਘਰ ਤੋਂ ਫੋਨ ਆਇਆ ਅਤੇ ਉਹ ਗੱਲ ਕਰਦਾ ਹੋਇਆ ਲਗਭਗ 100 ਮੀਟਰ ਦੂਰ ਚਲਾ ਗਿਆ ਤੇ ਉਸੇ ਵੇਲੇ ਧਮਾਕਾ ਹੋ ਗਿਆ।

ਧਮਾਕੇ ਤੋਂ ਬਾਅਦ ਉਹ ਡਰ ਕੇ BSF ਕੈਂਪਸ ਵੱਲ ਭੱਜਿਆ, ਜਿੱਥੇ ਜਵਾਨਾਂ ਨੇ ਉਸ ਨੂੰ ਰੋਕ ਕੇ ਪਹਿਲੀ ਸਹਾਇਤਾ ਦਿੱਤੀ ਅਤੇ ਪੁੱਛਗਿੱਛ ਕੀਤੀ। ਪੁਲਿਸ ਨੇ ਵੀ ਸਹਿਯੋਗ ਕੀਤਾ।

ਬੁੱਧਵਾਰ ਰਾਤ ਲਗਭਗ 8 ਵਜੇ ਹੋਏ ਇਸ ਧਮਾਕੇ ਵਿੱਚ ਉਸ ਦੀ ਸਕੂਟੀ ਸੜ ਗਈ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ IED ਧਮਾਕਾ ਸੀ, ਜਿਸ ਦੀ ਜਾਂਚ ਹੁਣ NIA ਕਰ ਰਹੀ ਹੈ।

ਗੁਰਪ੍ਰੀਤ ਨੇ ਕਿਹਾ ਕਿ ਉਹ ਫਲਿਪਕਾਰਟ ਵਿੱਚ ਡਿਲਿਵਰੀ ਬੌਏ ਵਜੋਂ ਕੰਮ ਕਰਦਾ ਹੈ ਅਤੇ ਉਸ ਦੀ ਐਪ ਹਿਸਟਰੀ ਨਾਲ ਇਹ ਸਾਬਤ ਹੋ ਗਿਆ ਕਿ ਉਹ ਸਿਰਫ ਰਿਟਰਨ ਪਾਰਸਲ ਲੈਣ ਗਿਆ ਸੀ।

ਉਸ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਉਹ ਬਹੁਤ ਡਰ ਗਿਆ ਸੀ ਅਤੇ ਅਜੇ ਵੀ ਸਦਮੇ ਵਿੱਚ ਹੈ। ਉਹ ਸਿਰਫ 20 ਸਾਲ ਦਾ ਹੈ ਅਤੇ ਇਸ ਘਟਨਾ ਨੂੰ ਭੁੱਲ ਨਹੀਂ ਪਾ ਰਿਹਾ। ਉਸ ਨੇ ਪੁਲਿਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੁੱਛਗਿੱਛ ਦੌਰਾਨ ਉਸ ਨਾਲ ਚੰਗਾ ਵਤੀਰਾ ਕੀਤਾ ਗਿਆ।

ਉਸ ਨੇ ਦੱਸਿਆ ਕਿ ਉਹ ਘਰ ਦਾ ਇਕੱਲਾ ਕਮਾਉਣ ਵਾਲਾ ਹੈ। ਪਿਤਾ BSF ਤੋਂ ਰਿਟਾਇਰ ਹਨ, ਘਰ ‘ਤੇ ਕਰਜ਼ਾ ਹੈ ਅਤੇ ਮਾਂ ਦਿਲ ਦੀ ਮਰੀਜ਼ ਹੈ। ਧਮਾਕੇ ਵਿੱਚ ਉਸ ਦੀ ਸਕੂਟੀ ਪੂਰੀ ਤਰ੍ਹਾਂ ਨੁਕਸਾਨੀ ਹੋ ਗਈ।

ਉਸ ਨੇ ਸਰਕਾਰ ਕੋਲ ਅਪੀਲ ਕੀਤੀ ਕਿ ਉਸ ਨੂੰ ਨੌਕਰੀ ਅਤੇ ਸਕੂਟੀ ਦਾ ਮੁਆਵਜ਼ਾ ਦਿੱਤਾ ਜਾਵੇ।

ਸ਼ਹਿਜ਼ਾਦ ਭੱਟੀ ਦਾ ਵੀਡੀਓ ਵੀ ਆਇਆ ਸਾਹਮਣੇ

ਇਸ ਘਟਨਾ ਤੋਂ ਬਾਅਦ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ, ਜਿਸ ਵਿੱਚ ਉਸ ਨੇ ਧਮਾਕਿਆਂ ‘ਤੇ ਦੁੱਖ ਜਤਾਇਆ ਅਤੇ ਕੁਝ ਵਿਵਾਦਿਤ ਬਿਆਨ ਦਿੱਤੇ।

ਉਸ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਪੰਜਾਬ ਨਾਲ ਸੰਬੰਧਤ ਹੈ ਅਤੇ “ਚੜ੍ਹਦਾ ਪੰਜਾਬ” ਤੇ “ਲਹਿੰਦਾ ਪੰਜਾਬ” ਦੋਵੇਂ ਇਕੋ ਹਨ। ਉਸ ਦੇ ਅਨੁਸਾਰ, ਪੰਜਾਬ ਵਿੱਚ ਜਦੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਉਸ ਨੂੰ ਬਹੁਤ ਅਫਸੋਸ ਹੁੰਦਾ ਹੈ।

ਉਸ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਹਰ ਘਟਨਾ ਲਈ ਉਸ ‘ਤੇ ਦੋਸ਼ ਲਗਾ ਦਿੱਤਾ ਜਾਂਦਾ ਹੈ। ਨਾਲ ਹੀ ਉਸ ਨੇ ਕੇਂਦਰ ਸਰਕਾਰ ‘ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਪਹਿਲਾਂ ਵੀ ਪਾਕਿਸਤਾਨ ਦੇ ਨਾਮ ‘ਤੇ ਸਿਆਸਤ ਕੀਤੀ ਜਾਂਦੀ ਰਹੀ ਹੈ ਅਤੇ ਦੇਸ਼ ਵਿੱਚ ਹਿੰਦੂ-ਮੁਸਲਿਮ ਤਣਾਅ ਪੈਦਾ ਕੀਤਾ ਜਾਂਦਾ ਹੈ।