ਟੋਰਾਂਟੋ : ਕੈਨੇਡਾ ਵਿਚ ਰਿਹਾਇਸ਼ ਸੰਕਟ ਦੇ ਮਸਲੇ ’ਤੇ ਜਗਮੀਤ ਸਿੰਘ ਅਤੇ ਜਸਟਿਨ ਟਰੂਡੋ ਵੀਰਵਾਰ ਨੂੰ ਆਹਮੋ ਸਾਹਮਣੇ ਹੋ ਗਏ ਜਦੋਂ ਐਨ.ਡੀ.ਪੀ. ਦੇ ਆਗੂ ਨੇ ਭਰੀ ਪ੍ਰੈਸ ਕਾਨਫਰੰਸ ਵਿਚ ਦੋਸ਼ ਲਾਇਆ ਕਿ ਲੋਕ ਠੰਢ ਨਾਲ ਮਰ ਰਹੇ ਹਨ ਅਤੇ ਘੱਟ ਗਿਣਤੀ ਲਿਬਰਲ ਸਰਕਾਰ ਕੁਝ ਨਹੀਂ ਕਰ ਰਹੀ। ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੋਰਾਂਟੋ ਵਿਖੇ ਨਵੇਂ ਮਕਾਨਾਂ ਦੀ ਉਸਾਰੀ ਲਈ 471 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਦਾ ਐਲਾਨ ਕਰਦਿਆਂ ਕਿਹਾ ਕਿ ਮਕਬੂਲੀਅਤ ਵਿਚ ਲਗਾਤਾਰ ਨਿਘਾਰ ਆਉਣ ਦੇ ਬਾਵਜੂਦ ਉਹ ਕੈਨੇਡਾ ਵਾਸੀਆਂ ਲਈ ਸੰਘਰਸ਼ ਜਾਰੀ ਰੱਖਣਗੇ ਅਤੇ ਲਿਬਰਲ ਪਾਰਟੀ ਅਗਲੀਆਂ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਹੀ ਲੜੇਗੀ।
ਸਿਆਸੀ ਹਲਕਿਆਂ ਵਿਚ ਮੱਧਕਾਲੀ ਚੋਣਾਂ ਦੀ ਘੁਸਰ-ਮੁਸਰ ਸ਼ੁਰੂ
ਜਸਟਿਨ ਟਰੂਡੋ ਨੇ ਚੋਣਾਂ ਦਾ ਨਾਂ ਲਿਆ ਤਾਂ ਸਿਆਸੀ ਹਲਕਿਆਂ ਵਿਚ ਮੁੜ ਘੁਸਰ-ਮੁਸਰ ਸ਼ੁਰੂ ਹੋ ਗਈ ਕਿਉਂਕਿ ਦੂਜੇ ਪਾਸੇ ਜਗਮੀਤ ਸਿੰਘ ਵੀ ਸਖ਼ਤ ਲਫਜ਼ਾਂ ਦੀ ਵਰਤੋਂ ਕਰਦੇ ਸੁਣੇ ਗਏ। ਉਨ੍ਹਾਂ ਕਿਹਾ ਕਿ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕੈਨੇਡਾ ਵਿਚ ਜੰਮਿਆ ਹੈ ਅਤੇ ਕੌਣ ਬਾਹਰੋਂ ਆਇਆ ਹੈ, ਅਸਲ ਮੁੱਦਾ ਇਹ ਹੈ ਕਿ ਹਰ ਇਕ ਰਹਿਣ ਵਾਸਤੇ ਘਰ ਚਾਹੀਦਾ ਹੈ ਅਤੇ ਫੈਡਰਲ ਸਰਕਾਰ ਨੂੰ ਤੁਰਤ ਇਸ ਪਾਸੇ ਕਦਮ ਉਠਾਉਣਗੇ ਹੋਣਗੇ। ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਇਸ ਵੇਲੇ ਜਦੋਂ ਲੋਕਾਂ ਨੂੰ ਸਿਰ ’ਤੇ ਛੱਤ ਦੀ ਸਖਤ ਜ਼ਰੂਰ ਹੈ ਤਾਂ ਫੈਡਰਲ ਸਰਕਾਰ ਹੱਥ ’ਤੇ ਹੱਥ ਰੱਖ ਕੇ ਬੈਠੀ ਹੈ। ਉਨ੍ਹਾਂ ਅੱਗੇ ਕਿਹਾ ਕਿ ਫੈਡਰਲ ਸਰਕਾਰ ਦੀ ਨਾਕਾਮੀ ਕਾਰਨ ਧਾਰਮਿਕ ਸੰਸਥਾਵਾਂ ਨੂੰ ਬੇਘਰ ਲੋਕਾਂ ਵਾਸਤੇ ਰਿਹਾਇਸ਼ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ।