ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਸਕੂਲਾਂ ਨਾਲ ਜੁੜੇ ਤਿੰਨ ਵੱਡੇ ਪ੍ਰਸਤਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਤਹਿਤ ਸਕੂਲਾਂ ਦੀਆਂ ਕਲਾਸਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਲਈ ਕਾਨੂੰਨੀ ਹੱਦ ਤੈਅ ਕਰਨ, ਕੁਝ ਵਿਦੇਸ਼ੀ ਵਿਦਿਆਰਥੀਆਂ ਦੇ ਮਾਪਿਆਂ ਲਈ ਇਤਾਲਵੀ ਭਾਸ਼ਾ ਸਿੱਖਣਾ ਲਾਜ਼ਮੀ ਕਰਨ ਅਤੇ ਸਕੂਲਾਂ ਵਿੱਚ ਬੁਰਕਾ ਤੇ ਨਕਾਬ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਸ਼ਾਮਲ ਹੈ।
ਮੇਲੋਨੀ ਨੇ ਯੂਥ ਪ੍ਰੋਗਰਾਮ ’ਚ ਕੀਤਾ ਐਲਾਨ
ਮੇਲੋਨੀ ਨੇ ਰੋਮ ਵਿੱਚ ਆਪਣੀ ਪਾਰਟੀ ‘ਬ੍ਰਦਰਜ਼ ਆਫ਼ ਇਟਲੀ’ ਦੇ ਯੂਥ ਸੰਗਠਨ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੰਤਰੀ ਮੰਡਲ ਦੇ ਸਾਹਮਣੇ ਪ੍ਰਸਤਾਵ ਰੱਖਿਆ ਜਾਵੇਗਾ।
ਮੇਲੋਨੀ ਮੁਤਾਬਕ ਇਟਲੀ ਆਉਣ ਵਾਲੇ ਲੋਕਾਂ ਨੂੰ ਦੇਸ਼ ਦੀ ਭਾਸ਼ਾ ਸਿੱਖਣੀ, ਸੱਭਿਆਚਾਰ ਨੂੰ ਸਮਝਣਾ ਅਤੇ ਇੱਥੋਂ ਦੇ ਨਿਯਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਕੀ ਹਨ ਤਿੰਨ ਪ੍ਰਸਤਾਵ?
ਪਹਿਲਾ ਪ੍ਰਸਤਾਵ: ਇਟਲੀ ਦੇ ਸਕੂਲਾਂ ਵਿੱਚ ਹਰੇਕ ਕਲਾਸ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਕਾਨੂੰਨੀ ਤੌਰ ’ਤੇ ਤੈਅ ਕੀਤੀ ਜਾਵੇਗੀ।
ਦੂਜਾ ਪ੍ਰਸਤਾਵ: ਜਿਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਸਕੂਲ ਪ੍ਰਣਾਲੀ ਵਿੱਚ ਰਲਣ-ਮਿਲਣ ਵਿੱਚ ਮੁਸ਼ਕਲ ਆ ਰਹੀ ਹੈ, ਉਨ੍ਹਾਂ ਦੇ ਮਾਪਿਆਂ ਲਈ ਇਤਾਲਵੀ ਭਾਸ਼ਾ ਦੀਆਂ ਕਲਾਸਾਂ ਲਾਜ਼ਮੀ ਕਰਨ ਦੀ ਗੱਲ ਕੀਤੀ ਗਈ ਹੈ।
ਤੀਜਾ ਪ੍ਰਸਤਾਵ: ਸਕੂਲਾਂ ਦੇ ਅੰਦਰ ਚਿਹਰਾ ਢਕਣ ਵਾਲੇ ਬੁਰਕਾ ਅਤੇ ਨਕਾਬ ’ਤੇ ਪਾਬੰਦੀ ਲਗਾਉਣ ਦੀ ਤਜਵੀਜ਼ ਹੈ।
ਸਰਕਾਰ ਅਤੇ ਸੰਸਦ ਦੀ ਮਨਜ਼ੂਰੀ ਤੋਂ ਬਾਅਦ ਬਣੇਗਾ ਕਾਨੂੰਨ
ਇਨ੍ਹਾਂ ਪ੍ਰਸਤਾਵਾਂ ਨੂੰ ਕਾਨੂੰਨ ਬਣਾਉਣ ਲਈ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਸੰਸਦ ਦੀ ਮਨਜ਼ੂਰੀ ਲੈਣੀ ਹੋਵੇਗੀ। ਦਿੱਤੀ ਗਈ ਜਾਣਕਾਰੀ ਮੁਤਾਬਕ ਸੰਸਦ ਨੂੰ 60 ਦਿਨਾਂ ਦੇ ਅੰਦਰ ਇਸ ਸਬੰਧੀ ਮਨਜ਼ੂਰੀ ਦੇਣੀ ਹੋਵੇਗੀ।
ਮੇਲੋਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੋ ਵੀ ਵਿਅਕਤੀ ਇਟਲੀ ਆ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ, ਉਸ ਨੂੰ ਇਟਲੀ ਦੀ ਭਾਸ਼ਾ, ਸੱਭਿਆਚਾਰ ਅਤੇ ਨਿਯਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
2027 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ
ਇਟਲੀ ਵਿੱਚ 2027 ਵਿੱਚ ਆਮ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਮੇਲੋਨੀ ਸਰਕਾਰ ਵੱਲੋਂ ਮਾਈਗ੍ਰੇਸ਼ਨ ਅਤੇ ਰਾਸ਼ਟਰੀ ਪਛਾਣ ਨਾਲ ਜੁੜੇ ਮੁੱਦਿਆਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਰੋਮ ਵਿੱਚ ਹੋਏ ਯੂਥ ਪ੍ਰੋਗਰਾਮ ਦੌਰਾਨ ਮੇਲੋਨੀ ਨੇ ਇਨ੍ਹਾਂ ਪ੍ਰਸਤਾਵਾਂ ਦਾ ਐਲਾਨ ਕੀਤਾ ਅਤੇ ਮੌਜੂਦ ਨੌਜਵਾਨਾਂ ਵੱਲੋਂ ਇਸ ’ਤੇ ਤਾਲੀਆਂ ਵੀ ਵਜਾਈਆਂ ਗਈਆਂ।
ਦੱਸਿਆ ਗਿਆ ਹੈ ਕਿ ਫਰਾਂਸ ਅਤੇ ਚੀਨ ਸਮੇਤ ਦੁਨੀਆ ਦੇ 24 ਦੇਸ਼ਾਂ ਵਿੱਚ ਬੁਰਕਾ ਅਤੇ ਨਕਾਬ ’ਤੇ ਕਿਸੇ ਨਾ ਕਿਸੇ ਰੂਪ ਵਿੱਚ ਪਾਬੰਦੀ ਲਾਗੂ ਹੈ।
