ਯੇਰੂਸ਼ਲਮ : ਹਮਾਸ ਵਲੋਂ ਵੱਡੀ ਗਿਣਤੀ ਵਿਚ ਰਾਕੇਟ ਦਾਗੇ ਜਾਣ ਅਤੇ ਦੱਖਣੀ ਇਜ਼ਰਾਈਲ ਵਿਚ ਅੱਤਵਾਦੀਆਂ ਦੀ ਘੁਸਪੈਠ ਤੋਂ ਬਾਅਦ ਇਜ਼ਰਾਈਲ ਨੇ ਸ਼ਨੀਵਾਰ ਸਵੇਰੇ ‘ਜੰਗ ਲਈ ਤਿਆਰ ਰਹਿਣ’ ਦਾ ਸੰਦੇਸ਼ ਜਾਰੀ ਕੀਤਾ ਹੈ। ਹਮਾਸ ਦੇ ਰਾਕੇਟ ਹਮਲੇ ਵਿਚ 22 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਹਮਾਸ ਨੇ ਸ਼ਨੀਵਾਰ ਸਵੇਰੇ ਕਰੀਬ 8 ਵਜੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ, ਸਡੇਰੋਟ, ਅਸ਼ਕੇਲੋਨ ਸਮੇਤ 7 ਸ਼ਹਿਰਾਂ ‘ਤੇ ਰਾਕੇਟ ਦਾਗੇ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਹ ਰਾਕੇਟ ਰਿਹਾਇਸ਼ੀ ਇਮਾਰਤਾਂ ‘ਤੇ ਡਿੱਗੇ ਹਨ। ਹਮਾਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਜ਼ਰਾਈਲ ‘ਤੇ 5 ਹਜ਼ਾਰ ਰਾਕੇਟ ਨਾਲ ਹਮਲਾ ਕੀਤਾ ਹੈ। ਉਥੇ ਹੀ ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਤੋਂ 2,200 ਰਾਕੇਟ ਦਾਗੇ ਗਏ ਹਨ।
ਉਥੇ ਹੀ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਅੱਤਵਾਦੀ ਸਮੂਹ ਹਮਾਸ ਨੇ ਇਜ਼ਰਾਇਲ ਖਿਲਾਫ ਜੰਗ ਛੇੜ ਦਿੱਤੀ ਹੈ। ਉਸ ਨੇ ਦਾਅਵਾ ਕੀਤਾ ਕਿ ਇਸ ਜੰਗ ਵਿੱਚ “ਇਜ਼ਰਾਈਲ ਜਿੱਤੇਗਾ”। ਤੇਲ ਅਵੀਵ ਵਿੱਚ ਇਜ਼ਰਾਈਲ ਦੇ ਫੌਜੀ ਹੈੱਡਕੁਆਰਟਰ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਚੇਤਾਵਨੀ ਦਿੱਤੀ ਕਿ ਹਮਾਸ ਨੇ ਅੱਜ ਸਵੇਰੇ ਦੱਖਣੀ ਅਤੇ ਮੱਧ ਇਜ਼ਰਾਈਲ ਉੱਤੇ ਰਾਕੇਟ ਹਮਲੇ ਕਰਕੇ ਇੱਕ “ਵੱਡੀ ਗਲਤੀ” ਕੀਤੀ ਹੈ। ਗਾਜ਼ਾ ‘ਤੇ ਰਾਜ ਕਰਨ ਵਾਲੇ ਅੱਤਵਾਦੀ ਸਮੂਹ ਹਮਾਸ ਅਤੇ ਇਜ਼ਰਾਈਲ ਵਿਚਕਾਰ ਸਾਲਾਂ ਦੇ ਸਭ ਤੋਂ ਗੰਭੀਰ ਤਣਾਅ ਵਿੱਚੋਂ ਇਕ ਵਿਚ, ਹਮਾਸ ਦੇ ਬੰਦੂਕਧਾਰੀ ਕਈ ਥਾਵਾਂ ‘ਤੇ ਸਰਹੱਦ ਪਾਰ ਕਰਕੇ ਇਜ਼ਰਾਈਲ ਵਿੱਚ ਘੁਟਪੈਠ ਕੀਤੀ। ਗੈਲੈਂਟ ਨੇ ਕਿਹਾ, “ਇਜ਼ਰਾਈਲ ਇਹ ਯੁੱਧ ਜਿੱਤ ਜਾਵੇਗਾ।’