ਵਾਸ਼ਿੰਗਟਨ: ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ ਵਿਚ ਸ਼ਾਮਲ ਨਿੱਕੀ ਹੇਲੀ ਅਤੇ ਵਿਵੇਕ ਰਾਮਾਸਵਾਮੀ ਸਮੇਤ ਹੋਰ ਉੱਘੇ ਭਾਰਤੀ-ਅਮਰੀਕੀ ਆਗੂਆਂ ਨੇ ਇਜ਼ਰਾਈਲ ’ਤੇ ਹਮਾਸ ਦੇ ਅਚਾਨਕ ਹਮਲੇ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਤੋਂ ਬਾਅਦ ਇਜ਼ਰਾਈਲ ਦਾ ਸਮਰਥਨ ਕੀਤਾ ਹੈ। ਫਲਸਤੀਨੀ ਅਤਿਵਾਦੀ ਸਮੂਹ ਹਮਾਸ ਨੇ ਸ਼ਨਿਚਰਵਾਰ ਨੂੰ ਦੱਖਣੀ ਇਜ਼ਰਾਈਲ ਵਿਚ ਕਈ ਰਾਕੇਟ ਹਮਲੇ ਕੀਤੇ, ਜਿਸ ਵਿਚ ਘੱਟੋ-ਘੱਟ 1000 ਲੋਕ ਮਾਰੇ ਗਏ ਅਤੇ 2,000 ਤੋਂ ਵੱਧ ਜ਼ਖਮੀ ਹੋਏ।
ਨਿੱਕੀ ਹੇਲੀ ਨੇ ਐਤਵਾਰ ਨੂੰ ਕਿਹਾ, “ਹਮਾਸ ਅਤੇ ਇਸ ਦਾ ਸਮਰਥਨ ਕਰ ਰਹੀ ਈਰਾਨ ਸਰਕਾਰ ‘ਇਜ਼ਰਾਈਲ ਦਾ ਖਾਤਮਾ, ਅਮਰੀਕਾ ਦਾ ਖਾਤਮਾ’ ਦੇ ਨਾਅਰੇ ਲਗਾ ਰਹੀ ਸੀ। ਸਾਨੂੰ ਇਹ ਯਾਦ ਰੱਖਣਾ ਹੋਵੇਗਾ। ਅਸੀਂ ਇਜ਼ਰਾਈਲ ਦੇ ਨਾਲ ਹਾਂ ਕਿਉਂਕਿ ਹਮਾਸ, ਹਿਜ਼ਬੁੱਲਾ, ਹੂਤੀ ਅਤੇ ਈਰਾਨ ਸਮਰਥਕ ਸਾਡੇ ਨਾਲ ਨਫ਼ਰਤ ਕਰਦੇ ਹਨ”। ਉਨ੍ਹਾਂ ਕਿਹਾ, “ਸਾਨੂੰ ਯਾਦ ਰੱਖਣਾ ਹੋਵੇਗਾ ਕਿ ਜੋ ਕੁਝ ਇਜ਼ਰਾਈਲ ਨਾਲ ਹੋਇਆ, ਉਹ ਅਮਰੀਕਾ ਵਿਚ ਵੀ ਹੋ ਸਕਦਾ ਹੈ। ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਕਜੁੱਟ ਹਾਂ ਅਤੇ ਇਜ਼ਰਾਈਲ ਦੇ ਨਾਲ ਖੜ੍ਹੇ ਹਾਂ, ਕਿਉਂਕਿ ਉਨ੍ਹਾਂ ਨੂੰ ਇਸ ਸਮੇਂ ਸਾਡੀ ਸੱਚਮੁੱਚ ਜ਼ਰੂਰਤ ਹੈ।”
ਹਮਾਸ ਇਕ ਫਲਸਤੀਨੀ ਇਸਲਾਮਿਕ ਅਤਿਵਾਦੀ ਸਮੂਹ ਹੈ ਜੋ 2007 ਤੋਂ ਗਾਜ਼ਾ ਪੱਟੀ ‘ਤੇ ਰਾਜ ਕਰ ਰਿਹਾ ਹੈ। ਗਾਜ਼ਾ ਪੱਟੀ ਦੀ ਆਬਾਦੀ ਲਗਭਗ 23 ਲੱਖ ਹੈ। ਇਹ ਇਜ਼ਰਾਈਲ, ਮਿਸਰ ਅਤੇ ਭੂਮੱਧ ਸਾਗਰ ਨਾਲ ਘਿਰਿਆ 41 ਕਿਲੋਮੀਟਰ ਲੰਬਾ ਅਤੇ 10 ਕਿਲੋਮੀਟਰ ਚੌੜਾ ਖੇਤਰ ਹੈ। ਇਸ ਦੇ ਨਾਲ ਹੀ ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ ‘ਚ ਸ਼ਾਮਲ ਰਾਮਾਸਵਾਮੀ ਨੇ ਕਿਹਾ ਕਿ ਅਮਰੀਕਾ ਨੇ ਇਜ਼ਰਾਈਲ ‘ਤੇ ਹਮਲੇ ਤੋਂ ਅਹਿਮ ਸਬਕ ਸਿੱਖਿਆ ਹੈ ਕਿ ਉਹ ਅਪਣੀਆਂ ਸਰਹੱਦਾਂ ਦੀ ਰਾਖੀ ਨੂੰ ਲੈ ਕੇ ਲਾਪਰਵਾਹ ਨਹੀਂ ਹੋ ਸਕਦਾ।
ਰਾਮਾਸਵਾਮੀ ਨੇ ਕਿਹਾ, “ਜੇ ਇਹ ਉਥੇ ਹੋ ਸਕਦਾ ਹੈ, ਤਾਂ ਇਹ ਇਥੇ ਵੀ ਹੋ ਸਕਦਾ ਹੈ। ਇਸ ਸਮੇਂ ਸਾਡੀ ਸਰਹੱਦ ਪੂਰੀ ਤਰ੍ਹਾਂ ਕਮਜ਼ੋਰ ਹੈ। ਦੱਖਣੀ ਸਰਹੱਦ ‘ਤੇ ਸਥਿਤੀ ਖਰਾਬ ਹੈ ਅਤੇ ਮੈਂ ਕੱਲ੍ਹ ਉੱਤਰੀ ਸਰਹੱਦ ‘ਤੇ ਗਿਆ ਸੀ, ਜੋ ਹਮਲੇ ਲਈ ਪੂਰੀ ਤਰ੍ਹਾਂ ਖੁੱਲ੍ਹਾ ਹੈ। ਹਮਾਸ ਨੇ ਅਜਿਹਾ ਸਮਾਂ ਚੁਣਿਆ ਜਦੋਂ ਇਜ਼ਰਾਈਲ ਘਰੇਲੂ ਰਾਜਨੀਤੀ ‘ਤੇ ਵੰਡਿਆ ਹੋਇਆ ਹੈ, ਜਿਵੇਂ ਕਿ ਸਾਡੇ ਦੇਸ਼ ਦੀ ਸਥਿਤੀ ਹੈ ”। ਯੂਐਸ ਇੰਡੀਆ ਸਟ੍ਰੈਟਜਿਕ ਐਂਡ ਪਾਰਟਨਰਸ਼ਿਪ ਫੋਰਮ (ਯੂਐਸਆਈਐਸਪੀਐਫ) ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮੁਕੇਸ਼ ਆਘੀ ਨੇ ‘ਐਕਸ’ ‘ਤੇ ਲਿਖਿਆ, “ਮੈਂ ਇਜ਼ਰਾਈਲ ਦੇ ਨਾਲ ਹਾਂ।” ਇਸ ਪੋਸਟ ਦੇ ਪਿਛੋਕੜ ਵਿਚ ਇਕ ਭਾਰਤੀ ਝੰਡਾ ਸੀ। ਇਸ ਦੇ ਨਾਲ ਹੀ ਭਾਰਤੀ-ਅਮਰੀਕੀ ਭਾਈਚਾਰੇ ਦੇ ਆਗੂ ਭਰਤ ਬਰਾਈ ਨੇ ਹਮਾਸ ਅਤੇ ਹਿਜ਼ਬੁੱਲਾ ਨੂੰ ਦੁਨੀਆਂ ਦੇ ਸੱਭ ਤੋਂ ਵਹਿਸ਼ੀ ਅਤਿਵਾਦੀ ਸੰਗਠਨ ਕਰਾਰ ਦਿਤਾ।