ਆਮ ਆਦਮੀ ਪਾਰਟੀ (ਆਪ) ਤੋਂ ਤੋੜ-ਵਿਛੋੜਾ ਕਰਨ ਮਗਰੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਪਹਿਲੀ ਵਾਰ ਪੰਜਾਬ ਪੁੱਜੇ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪਾਰਟੀ ਦੇ ਸਾਬਕਾ ਤੇ ਮੌਜੂਦਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਅੱਜ ਲੁਧਿਆਣਾ ਵਿੱਚ ਮੀਟਿੰਗ ਕੀਤੀ, ਜਿਸ ਵਿੱਚ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਰਜਿੰਦਰ ਗੁਪਤਾ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਉੱਚ ਪੱਧਰੀ ਮੀਟਿੰਗ ਵਿੱਚ ਨਬੀਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਰਾਘਵ ਚੱਢਾ ਨੂੰ ਥਾਪੜਾ ਦਿੱਤਾ ਹੈ।ਰਾਜਨੀਤਿਕ ਗਲਿਆਰਿਆਂ ਵਿਚ ਚਰਚਾ ਤੇਜ਼ ਹੈ ਕਿ ਕੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਘੇਰਨ ਲਈ ਕਿਸੇ ਬਹੁਤ ਵੱਡੇ ‘ਆਪਰੇਸ਼ਨ’ ਦੀ ਸਕ੍ਰਿਪਟ ਲਿਖੀ ਜਾ ਚੁੱਕੀ ਹੈ?
ਕੀ ਪੰਜਾਬ ਵਿਚ ਹੋਣ ਵਾਲਾ ਹੈ ਕੁਝ ਵੱਡਾ?
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਹਾਲ ਹੀ ਵਿਚ ਪੰਜਾਬ ਦਾ ਤਿੰਨ-ਦਿਨੀ ਸੰਘਣਾ ਸੰਗਠਨਾਤਮਕ ਦੌਰਾ ਪੂਰਾ ਕੀਤਾ ਹੈ। ਇਹ ਦੌਰਾ ਮਹਿਜ਼ ਇਕ ਰਸਮੀ ਦੌਰਾ ਨਹੀਂ ਸੀ, ਸਗੋਂ ਇਸਦੇ ਪਿੱਛੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਮੀਨ ਤਿਆਰ ਕਰਨ ਦਾ ਇੱਕ ਵੱਡਾ ਰੋਡਮੈਪ ਲੁਕਿਆ ਹੋਇਆ ਹੈ। ਨਿਤਿਨ ਨਬੀਨ ਨੇ ਅੰਮ੍ਰਿਤਸਰ ਵਿਚ ਸ਼੍ਰੀ ਹਰਿਮੰਦਰ ਸਾਹਿਬ ਗੋਲਡਨ ਟੈਂਪਲ, ਦੁਰਗਿਆਣਾ ਮੰਦਿਰ ਅਤੇ ਵਾਲਮੀਕਿ ਤੀਰਥ ਵਿਚ ਮੱਥਾ ਟੇਕ ਕੇ ਸਾਫ਼ ਕਰ ਦਿੱਤਾ ਕਿ ਭਾਜਪਾ ਪੰਜਾਬ ਦੀ ਧਾਰਮਿਕ ਅਤੇ ਸੱਭਿਆਚਾਰਕ ਅਸਮੀਅਤ ਨਾਲ ਆਪਣੇ ਆਪ ਨੂੰ ਡੂੰਘਾਈ ਨਾਲ ਜੋੜ ਰਹੀ ਹੈ।
ਇਸ ਤੋਂ ਬਾਅਦ ਨਿਤਿਨ ਨਬੀਨ ਨੇ ਉਦਯੋਗਪਤੀਆਂ ਅਤੇ ਬੁੱਧੀਜੀਵੀਆਂ ਨਾਲ ਸੰਵਾਦ ਕੀਤਾ। ਲੁਧਿਆਣਾ ਵਿਚ ਖੇਤਰੀ ਉਦਯੋਗਪਤੀਆਂ ਨਾਲ ਵਿਸ਼ੇਸ਼ ਮੁਲਾਕਾਤ ਅਤੇ ਮਸ਼ਹੂਰ ਖੇਤੀ ਅਰਥਸ਼ਾਸਤਰੀ ਪਦਮ ਭੂਸ਼ਣ ਸਰਦਾਰ ਸਰਦਾਰਾ ਸਿੰਘ ਜੌਹਲ ਨਾਲ ਉਹਨਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਪੰਜਾਬ ਦੇ ਆਰਥਿਕ ਅਤੇ ਕਿਸਾਨ ਸੰਕਟ ਦਾ ਫਾਇਦਾ ਉਠਾਉਣ ਲਈ ਗੰਭੀਰ ਹੈ।
ਭਾਜਪਾ ਆਗੂ ਵਜੋਂ ਰਾਘਵ ਚੱਢਾ ਦੀ ਇਹ ਪਹਿਲੀ ਪੰਜਾਬ ਫੇਰੀ ਹੈ, ਜਿਸ ਕਾਰਨ ਸੱਤਾਧਾਰੀ ‘ਆਪ’ ਉਨ੍ਹਾਂ ਦੀ ਹਰ ਸਿਆਸੀ ਸਰਗਰਮੀ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਉਹ ਪਹਿਲਾਂ ਵੀ ਖ਼ਦਸ਼ਾ ਜ਼ਾਹਿਰ ਕਰ ਚੁੱਕੇ ਹਨ ਕਿ ਪੰਜਾਬ ਦੀ ‘ਆਪ’ ਸਰਕਾਰ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾ ਸਕਦੀ ਹੈ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਇਤਿਹਾਸਕ ਜਿੱਤ ਲਈ ਰਾਘਵ ਚੱਢਾ ਨੇ ਮੁੱਖ ਰਣਨੀਤੀਕਾਰ ਵਜੋਂ ਭੂਮਿਕਾ ਨਿਭਾਈ ਸੀ। ਉਹ ਸਿਆਸੀ ਨਜ਼ਰੀਏ ਤੋਂ ਪੰਜਾਬ ਦੇ ਹਰ ਹਲਕੇ ਅਤੇ ਸਮੀਕਰਨਾਂ ਦੀ ਸਮਝ ਰੱਖਦੇ ਹਨ। ਪਤਾ ਲੱਗਿਆ ਹੈ ਕਿ ‘ਆਪ’ ’ਚੋਂ ਭਾਜਪਾ ’ਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਨੂੰ ਪੰਜਾਬ ਚੋਣਾਂ ’ਚ ਅਹਿਮ ਭੂਮਿਕਾ ਦਿੱਤੀ ਜਾਵੇਗੀ, ਜਿਸ ਤਹਿਤ ਰਾਘਵ ਚੱਢਾ ਅਤੇ ਸੰਦੀਪ ਪਾਠਕ ਅਹਿਮ ਰੋਲ ’ਚ ਨਜ਼ਰ ਆ ਸਕਦੇ ਹਨ।
