ਅੰਮ੍ਰਿਤਸਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਵਿੱਚ ਜਾਂਚ ਇੱਕ ਵਾਰ ਮੁੜ ਤੇਜ਼ ਹੋ ਗਈ ਹੈ। ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਖ਼ਾਸ ਜਾਂਚ ਟੀਮ (SIT) SGPC ਦਫ਼ਤਰ ਪਹੁੰਚੀ। ਮੰਨਿਆ ਜਾ ਰਿਹਾ ਹੈ ਕਿ ਟੀਮ ਹੁਣ ਇਸ ਕੇਸ ਨਾਲ ਜੁੜੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ। ਹਾਲਾਂਕਿ ਜਾਂਚ ਟੀਮ ਵੱਲੋਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ।
2020 ਵਿੱਚ ਸਾਹਮਣੇ ਆਇਆ ਸੀ ਮਾਮਲਾ
ਇਹ ਮਾਮਲਾ ਸਭ ਤੋਂ ਪਹਿਲਾਂ ਜੂਨ 2020 ਵਿੱਚ ਸਾਹਮਣੇ ਆਇਆ ਸੀ। ਉਸ ਵੇਲੇ 2015-16 ਦੇ ਰਿਕਾਰਡ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ SGPC ਦੇ ਪਬਲਿਕੇਸ਼ਨ ਹਾਊਸ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਘੱਟ ਮਿਲੇ ਸਨ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ਼ਰ ਸਿੰਘ ਦੀ ਅਗਵਾਈ ਹੇਠ ਜਾਂਚ ਕਮੇਟੀ ਬਣਾਈ ਗਈ ਸੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁਝ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਪਾਵਨ ਸਰੂਪ ਸੰਗਤ ਨੂੰ ਦਿੱਤੇ ਗਏ ਸਨ। ਇਸ ਦੇ ਬਦਲੇ ਮਿਲੀ ਭੇਟ ਅਤੇ ਚੜ੍ਹਾਵੇ ਦਾ ਕੋਈ ਸਹੀ ਰਿਕਾਰਡ ਨਹੀਂ ਰੱਖਿਆ ਗਿਆ ਅਤੇ ਨਾ ਹੀ ਰਸੀਦਾਂ ਕੱਟੀਆਂ ਗਈਆਂ। ਇਸ ਨੂੰ ਵਿੱਤੀ ਗੜਬੜੀ ਨਾਲ ਵੀ ਜੋੜਿਆ ਗਿਆ।
ਸਰਕਾਰ ਵੱਲੋਂ ਬਣਾਈ ਗਈ ਸੀ SIT
ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ SIT ਬਣਾਈ ਗਈ ਸੀ, ਜੋ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਹੈ। FIR ਵਿੱਚ 16 ਮੁੱਖ ਮੁਲਜ਼ਮਾਂ ਦੇ ਨਾਮ ਦਰਜ ਕੀਤੇ ਗਏ ਸਨ। ਜਾਂਚ ਦੌਰਾਨ SGPC ਦੇ ਸਾਬਕਾ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਈ ਥਾਵਾਂ ‘ਤੇ ਛਾਪੇਮਾਰੀ ਵੀ ਹੋਈ।
ਹੁਣ ਤੱਕ 328 ਵਿੱਚੋਂ 169 ਪਾਵਨ ਸਰੂਪਾਂ ਨੂੰ ਲੱਭ ਲਿਆ ਗਿਆ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਲਗਭਗ 40 ਅਧਿਕਾਰੀਆਂ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
SIT ਅਤੇ SGPC ਵਿਚਾਲੇ ਵਧਿਆ ਵਿਵਾਦ
ਹਾਲ ਹੀ ਵਿੱਚ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੋਸ਼ ਲਾਇਆ ਸੀ ਕਿ SIT ਜਾਂਚ ਦੇ ਨਾਮ ‘ਤੇ SGPC ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਗੈਰ-ਸੰਬੰਧਿਤ ਜਾਣਕਾਰੀ ਵੀ ਮੰਗੀ ਜਾ ਰਹੀ ਹੈ।
ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਤਣਾਅ ਵਾਲੇ ਹਾਲਾਤ ਬਣੇ ਸਨ। ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ‘ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ’ ਅਤੇ SGPC ਟਾਸਕ ਫੋਰਸ ਵਿਚਾਲੇ ਅੰਮ੍ਰਿਤਸਰ ਵਿੱਚ ਝੜਪਾਂ ਵੀ ਹੋ ਚੁੱਕੀਆਂ ਹਨ।
