ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਐਸਆਈਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰਕੇ ਤਲਬ ਕੀਤਾ ਹੈ। ਇਸ ਆਦੇਸ਼ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ।
ਐਸਆਈਟੀ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਸੰਮਨ ਅਨੁਸਾਰ, ਸਾਬਕਾ ਵਿਧਾਇਕ ਮੰਤਾਰ ਸਿੰਘ ਬਰਾੜ ਨੂੰ ਆਉਂਦੀ 6 ਜੁਲਾਈ ਯਾਨੀ ਕਿ ਅੱਜ ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਐਸਆਈਟੀ ਦਫ਼ਤਰ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਂਚ ਟੀਮ ਇਸ ਮਾਮਲੇ ਨਾਲ ਜੁੜੇ ਕਈ ਅਹਿਮ ਪਹਿਲੂਆਂ ਅਤੇ ਉਸ ਸਮੇਂ ਦੇ ਘਟਨਾਕ੍ਰਮ ਨੂੰ ਲੈ ਕੇ ਬਰਾੜ ਤੋਂ ਤਿੱਖੇ ਸਵਾਲ-ਜਵਾਬ ਕਰ ਸਕਦੀ ਹੈ।
ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਚਰਚਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਮਾਮਲੇ ਦੀ ਜਾਂਚ ਨੇ ਅਚਾਨਕ ਵੱਡੀ ਰਫ਼ਤਾਰ ਫੜੀ ਹੈ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਕੁਝ ਦਿਨ ਪਹਿਲਾਂ ਹੀ ਐਸਆਈਟੀ ਦੀ ਟੀਮ ਨੇ ਬਹਿਬਲ ਕਲਾਂ ਅਤੇ ਬਰਗਾੜੀ ਪਹੁੰਚ ਕੇ ਘਟਨਾ ਸਥਾਨਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਸੀ। ਇਸ ਤੋਂ ਇਲਾਵਾ ਟੀਮ ਨੇ ਹਾਲ ਹੀ ‘ਚ ਕਈ ਚਸ਼ਮਦੀਦਾਂ ਅਤੇ ਸਥਾਨਕ ਲੋਕਾਂ ਦੇ ਨਵੇਂ ਸਿਰੇ ਤੋਂ ਬਿਆਨ ਦਰਜ ਕੀਤੇ ਹਨ।
ਐਸਆਈਟੀ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਨਾਲ ਜੁੜੀ ਕੋਈ ਪੁਖ਼ਤਾ ਜਾਣਕਾਰੀ ਜਾਂ ਸਬੂਤ ਹੈ, ਤਾਂ ਉਹ ਬਿਨਾਂ ਕਿਸੇ ਡਰ ਦੇ ਅੱਗੇ ਆ ਕੇ ਜਾਂਚ ਵਿੱਚ ਸਹਿਯੋਗ ਕਰੇ।
