ਕੈਨੇਡਾ ਵਿੱਚ 1.3 ਲੱਖ ਭਾਰਤੀ ਵਿਦਿਆਰਥੀਆਂ ਦੇ ਪਰਮਿਟ 31 ਨੂੰ ਖ਼ਤਮ ਹੋਣ ਵਾਲੇ ਹਨ। ਇਸ ਸਥਿਤੀ ਦੇ ਖਿਲਾਫ ਬਰੈਂਪਟਨ ਵਿੱਚ ਵਿਦਿਆਰਥੀ ਪ੍ਰਦਰਸ਼ਨ ਕਰਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ (PGWP) ਦੇ ਵਿਸਥਾਰ ਦੀ ਮੰਗ ਕਰ ਰਹੇ ਹਨ। ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਹਨ। ਉਹ ਦੇਸ਼ ਨਿਕਾਲੇ ਦੇ ਡਰੋਂ 29 ਅਗਸਤ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ (PGWP) ਦੇ ਵਿਸਥਾਰ, ਸਥਾਈ ਨਿਵਾਸ ਲਈ ਉਚਿਤ ਨੀਤੀ ਅਤੇ ਸ਼ੋਸ਼ਣ ਵਿਰੁੱਧ ਆਪਣੀਆਂ ਮੰਗਾਂ ਰੱਖ ਰਹੇ ਹਨ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਯੰਗ ਸਟੂਡੈਂਟ ਨੈੱਟਵਰਕ (NSN) ਦੇ ਬਿਕਰਮ ਸਿੰਘ ਕੁੱਲੇਵਾਲ ਕਰ ਰਹੇ ਹਨ ਅਤੇ ਇਸ ਨੂੰ ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ (MYSO) ਦਾ ਵੀ ਸਮਰਥਨ ਮਿਲ ਰਿਹਾ ਹੈ।
MYSO ਦੇ ਕਨਵੀਨਰ ਮਨਦੀਪ ਨੇ ਕਿਹਾ ਕਿ ਲਗਭਗ 1.3 ਲੱਖ ਵਿਦਿਆਰਥੀ ਖ਼ਤਰੇ ਵਿੱਚ ਹਨ, ਕਿਉਂਕੇ ਉਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ 31 ਦਸੰਬਰ ਨੂੰ ਖਤਮ ਹੋ ਜਾਵੇਗੀ। ਉਹ ਕੈਨੇਡਾ ਵਿੱਚ ਰਹਿਣ ਲਈ ਵਰਕ ਪਰਮਿਟ ਦੀ ਮਿਆਦ ਵਧਾਉਣ ਦੀ ਮੰਗ ਕਰ ਰਹੇ ਹਨ। ਹਾਲਾਂਕਿ, ਪਿਛਲੇ ਇਕ ਸਾਲ ਦੌਰਾਨ, ਭਾਰਤ ਅਤੇ ਕੈਨੇਡਾ ਦੇ ਤਣਾਅਪੂਰਨ ਸਬੰਧਾਂ ਨੇ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਵਿੱਚ ਬੇਲੋੜਾ ਡਰ ਪੈਦਾ ਕੀਤਾ ਹੈ।
MYSO ਦੇ ਵਰੁਣ ਖੰਨਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੈਨੇਡਾ ਵਿੱਚ ਨੌਜਵਾਨ ਵਿਦਿਆਰਥੀ ਸਥਾਈ ਨਿਵਾਸ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਭਾਰਤ ਸਰਕਾਰ ਦਾ ਕੋਈ ਅਧਿਕਾਰੀ ਅਤੇ ਨਾ ਹੀ ਕੈਨੇਡੀਅਨ ਸਰਕਾਰ ਦਾ ਕੋਈ ਨੁਮਾਇੰਦਾ ਇਨ੍ਹਾਂ ਸੰਘਰਸ਼ਸ਼ੀਲ ਵਿਦਿਆਰਥੀਆਂ ਪ੍ਰਤੀ ਕੋਈ ਚਿੰਤਾ ਦਿਖਾ ਰਿਹਾ ਹੈ। ਇਸ ਦੀ ਬਜਾਏ, ਦੋਵਾਂ ਦੇਸ਼ਾਂ ਦੇ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਸਿਆਸਤ ਖੇਡ ਰਹੇ ਹਨ।