ਪਰਥ: ਪਿਛਲੇ ਦੋ ਮੈਚ ਹਾਰਨ ਤੋਂ ਬਾਅਦ ਭਾਰਤੀ ਹਾਕੀ ਟੀਮ ਬੁਧਵਾਰ ਨੂੰ ਆਸਟਰੇਲੀਆ ਵਿਰੁਧ ਪੰਜ ਟੈਸਟ ਮੈਚਾਂ ਦੀ ਲੜੀ ਦੇ ਤੀਜੇ ਮੈਚ ’ਚ ਹਾਰ ਦੀ ਹੈਟ੍ਰਿਕ ਤੋਂ ਬਚਣ ਦੀ ਕੋਸ਼ਿਸ਼ ਕਰੇਗੀ। ਪੈਰਿਸ ਓਲੰਪਿਕ ਦੀ ਤਿਆਰੀ ਲਈ ਮਹੱਤਵਪੂਰਨ ਇਸ ਸੀਰੀਜ਼ ’ਚ ਭਾਰਤ ਨੂੰ ਪਹਿਲੇ ਮੈਚ ’ਚ 1-5 ਅਤੇ ਦੂਜੇ ਮੈਚ ’ਚ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰੇ ਨਾਲ ਭਾਰਤੀ ਟੀਮ ਨੂੰ ਅਪਣੀਆਂ ਤਾਕਤਾਂ ਅਤੇ ਕਮਜ਼ੋਰੀਆਂ ਦਾ ਪਤਾ ਲੱਗੇਗਾ।

ਪਹਿਲੇ ਦੋ ਮੈਚਾਂ ’ਚ ਆਸਟਰੇਲੀਆ ਨੇ ਭਾਰਤ ਦੇ ਡਿਫੈਂਸ ਨੂੰ ਦਬਾਅ ’ਚ ਰੱਖਿਆ ਸੀ। ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ’ਚ ਭਾਰਤੀ ਡਿਫੈਂਡਰਾਂ ਨੇ ਪਹਿਲੇ ਦੋ ਮੈਚਾਂ ’ਚ ਕਈ ਆਸਾਨ ਗੋਲ ਅਤੇ ਪੈਨਲਟੀ ਕਾਰਨਰ ਗੁਆ ਦਿਤੇ। ਇਸ ਦੇ ਨਾਲ ਹੀ ਫਾਰਵਰਡ ਲਾਈਨ ਵਿਰੋਧੀ ਖੇਮੇ ’ਚ ਹਮਲਾ ਨਹੀਂ ਕਰ ਸਕੀ।

ਮਨਦੀਪ ਸਿੰਘ, ਅਭਿਸ਼ੇਕ, ਲਲਿਤ ਉਪਾਧਿਆਏ, ਗੁਰਜੰਟ ਸਿੰਘ ਅਤੇ ਸੁਖਜੀਤ ਅਪਣੇ ਮੌਕਿਆਂ ਦਾ ਫਾਇਦਾ ਚੁੱਕਣਾ ਹੋਵੇਗਾ। ਮਿਡਫੀਲਡ ਵਿਚ ਪ੍ਰਦਰਸ਼ਨ ਹੁਣ ਤਕ ਚੰਗਾ ਰਿਹਾ ਹੈ ਅਤੇ ਮਿਡਫੀਲਡਰਾਂ ਨੇ ਬਹੁਤ ਸਾਰੇ ਮੌਕੇ ਬਣਾਏ ਹਨ। ਭਾਰਤੀ ਕੋਚ ਕ੍ਰੇਗ ਫੁਲਟਨ ਨੇ ਪਹਿਲੇ ਦੋ ਮੈਚਾਂ ਵਿਚ ਵੱਖ-ਵੱਖ ਰਣਨੀਤੀਆਂ ਅਜ਼ਮਾਉਣ ਦੀ ਕੋਸ਼ਿਸ਼ ਕੀਤੀ।

ਛੋਟੇ ਅਤੇ ਤੇਜ਼ ਪਾਸਾਂ ਦੀ ਬਜਾਏ, ਭਾਰਤੀਆਂ ਨੇ ਡੂੰਘੇ ਤੋਂ ਲੰਮੇ ਪਾਸਾਂ ਦਾ ਆਦਾਨ-ਪ੍ਰਦਾਨ ਕੀਤਾ ਪਰ ਆਸਟਰੇਲੀਆ ਦੇ ਡਿਫੈਂਸ ਨੂੰ ਤੋੜ ਨਹੀਂ ਸਕੇ। ਚੌਥਾ ਮੈਚ 12 ਅਪ੍ਰੈਲ ਅਤੇ ਪੰਜਵਾਂ ਮੈਚ 13 ਅਪ੍ਰੈਲ ਨੂੰ ਖੇਡਿਆ ਜਾਵੇਗਾ।