ਚੀਨ ਵਿੱਚ ਖੇਡੀਆਂ ਜਾ ਰਹੀਆਂ ਏਸ਼ੀਅਨ ਗੇਮਜ਼ ਵਿੱਚ ਭਾਰਤ ਦੀ ਝੋਲੀ ਵਿੱਚ ਇੱਕ ਹੋਰ ਗੋਲਡ ਮੈਡਲ ਪਿਆ ਹੈ। ਸਕੁਐਸ਼ ਵਿੱਚ ਭਾਰਤ ਨੂੰ ਮਿਕਸਡ ਡਬਲਜ਼ ਵਿੱਚ ਗੋਲਡ ਮੈਡਲ ਮਿਲਿਆ ਹੈ। ਦੀਪਿਕਾ ਪੱਲੀਕਲ ਤੇ ਹਰਿੰਦਰ ਪਾਲ ਸਿੰਘ ਦੀ ਜੋੜੀ ਨੇ ਭਾਰਤ ਨੂੰ ਇਹ ਮੈਡਲ ਦਿਵਾਇਆ ਹੈ। ਇਸ ਜੋੜੀ ਨੇ ਫਾਈਨਲ ਵਿੱਚ ਮਲੇਸ਼ੀਆ ਨੂੰ ਮਾਤ ਦੇ ਕੇ ਇਹ ਖਿਆਬ ਆਪਣੇ ਨਾਮ ਕਰ ਲਿਆ। ਭਾਰਤ ਨੇ ਇਹ ਮੈਚ 2-0 ਨਾਲ ਜਿੱਤਿਆ। ਇਹ ਭਾਰਤ ਦਾ ਏਸ਼ੀਆਈ ਖੇਡਾਂ ਵਿੱਚ 20ਵਾਂ ਗੋਲਡ ਮੈਡਲ ਹੈ। ਭਾਰਤ ਨੇ ਇਸ ਤੋਂ ਪਹਿਲਾਂ ਏਸ਼ੀਅਨ ਖੇਡਾਂ ਵਿੱਚ ਇੰਨੇ ਮੈਡਲ ਨਹੀਂ ਜਿੱਤੇ ਸਨ। ਇਹ ਭਾਰਤ ਦਾ ਇਨ੍ਹਾਂ ਖੇਡਾਂ ਵਿੱਚ 83ਵਾਂ ਮੈਡਲ ਹੈ।
ਭਾਰਤ ਦੀ ਸਕੋਰ ਲਾਈਨ ਜ਼ਰੂਰ 2-0 ਰਹੀ ਹੋਵੇ ਪਰ ਇਹ ਮੈਚ ਭਾਰਤੀ ਟੀਮ ਦੇ ਲਈ ਆਸਾਨ ਨਹੀਂ ਸੀ। ਭਾਰਤ ਨੇ 11-10, 11-10 ਨਾਲ ਮਲੇਸ਼ੀਆ ਦੇ ਅਜਮਾਨ ਬਿੰਟੀ ਅਤੇ ਮੁਹੰਮਦ ਸਿਆਫੀਕ ਬਿਨ ਮੁਹੰਮਦ ਕਮਾਲ ਨੂੰ ਮਾਤ ਦਿੱਤੀ। 35 ਮਿੰਟ ਤੱਕ ਮੁਕਾਬਲੇ ਵਿੱਚ ਦੀਪਕ ਤੇ ਹਰਿੰਦਰ ਨੇ ਕਦੇ ਵੀ ਹਾਰ ਨਹੀਂ ਮੰਨੀ ਤੇ ਆਪਣੀ ਵਿਰੋਧੀ ਟੀਮ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਉਨ੍ਹਾਂ ਨੂੰ ਮੈਚ ਨਹੀਂ ਜਿੱਤਣ ਦਿੱਤਾ।
ਭਾਰਤੀ ਟੀਮ ਇੱਕ ਸਮੇਂ ਆਸਾਨੀ ਨਾਲ ਜਿੱਤ ਤੋਂ ਇੱਕ ਕਦਮ ਦੀ ਦੂਰੀ ‘ਤੇ ਸੀ, ਪਰ ਫਿਰ ਭਾਰਤ ਨੇ ਆਸਾਨੀ ਨਾਲ ਅੰਕ ਗਵਾ ਦਿੱਤੇ। ਦੂਜੀ ਗੇਮ ਵਿੱਚ ਮਲੇਸ਼ੀਆ ਦੀ ਟੀਮ ਨੇ ਲਗਾਤਾਰ 7 ਅੰਕ ਲਏ ਅਤੇ 3-9 ਦੇ ਸਕੋਰ ਨੂੰ 10-9 ਕਰ ਦਿੱਤਾ। ਜਿਸ ਤੋਂ ਬਾਅਦ ਲੱਗ ਰਿਹਾ ਸੀ ਕਿ ਭਾਰਤ ਇਹ ਗੇਮ ਹਾਰ ਜਾਵੇਗਾ। ਪਰ ਦੀਪਿਕਾ ਤੇ ਹਰਿੰਦਰ ਦੀ ਜੋੜੀ ਨੇ ਇਸ ਮੈਚ ਵਿੱਚ ਵਾਪਸੀ ਕਰਦੇ ਹੋਏ ਇਹ ਮੈਚ ਜਿੱਤ ਲਿਆ। ਦੱਸ ਦੇਈਏ ਕਿ ਦੀਪਿਕਾ ਦਾ ਇਨ੍ਹਾਂ ਏਸ਼ੀਅਨ ਖੇਡਾਂ ਵਿੱਚ ਦੂਜਾ ਮੈਡਲ ਹੈ। ਇਸ ਤੋਂ ਪਹਿਲਾਂ ਉਹ ਮਹਿਲਾ ਟੀਮ ਦੇ ਨਾਲ ਕਾਂਸੀ ਦਾ ਤਮਗਾ ਜਿੱਤ ਚੁੱਕੀ ਹੈ।