ਅਮਰੀਕੀ ਸੂਬੇ ਵਾਸ਼ਿੰਗਟਨ ਦੇ ਕੁਝ ਹਿੱਸਿਆਂ ’ਚ ਪਿਛਲੇ ਦੋ ਹਫਤਿਆਂ ਦੌਰਾਨ ਭਾਰਤੀ-ਅਮਰੀਕੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਸੰਗਠਿਤ ਰਿਹਾਇਸ਼ੀ ਚੋਰੀਆਂ ’ਚ ਵਾਧਾ ਹੋਇਆ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿਤੀ।

ਕੇ.ਓ.ਐਮ.ਓ. ਨਿਊਜ਼ ਚੈਨਲ ਦੀ ਖ਼ਬਰ ’ਚ ਵੀਰਵਾਰ ਨੂੰ ਦਸਿਆ ਕਿ ਸਨੋਹੋਮਿਸ਼ ਕਾਊਂਟੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਗੈਰ-ਨਿਗਮਿਤ ਬੋਥੇਲ ਇਲਾਕੇ ਵਿਚ ਮੁੱਖ ਤੌਰ ’ਤੇ ਭਾਰਤੀ-ਅਮਰੀਕੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰਾਂ ਨੂੰ ਫੜਨ ’ਚ ਜਨਤਾ ਤੋਂ ਮਦਦ ਮੰਗੀ।
ਖ਼ਬਰ ’ਚ ਕਿਹਾ ਗਿਆ ਹੈ ਕਿ ਕਾਊਂਟੀ ਦੀ ‘ਰੌਬਰੀ ਐਂਡ ਬਰਗਲਰੀ ਯੂਨਿਟ’ (ਆਰ.ਬੀ.ਯੂ.) ਨੇ ਪਿਛਲੇ ਦੋ ਹਫਤਿਆਂ ’ਚ ਰਿਹਾਇਸ਼ੀ ਚੋਰੀਆਂ ’ਚ ਵਾਧਾ ਦਰਜ ਕੀਤਾ ਹੈ, ਜਿਨ੍ਹਾਂ ’ਚੋਂ ਮੁੱਖ ਤੌਰ ’ਤੇ ‘ਭਾਰਤੀ-ਅਮਰੀਕੀ’ ਪੀੜਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਲੁੱਟਾਂ-ਖੋਹਾਂ ਦਿਨ ਦੇ ਸਮੇਂ ਦੌਰਾਨ ਹੋਈਆਂ ਅਤੇ ਆਰ.ਬੀ.ਯੂ. ਦਾ ਮੰਨਣਾ ਹੈ ਕਿ ਸ਼ੱਕੀ ਪੂਰੇ ਖੇਤਰ ’ਚ ਸਰਗਰਮ ਇਕ ਵੱਡੇ ਸੰਗਠਿਤ ਸਮੂਹ ਦਾ ਹਿੱਸਾ ਹਨ। ਪਿੱਛੇ ਜਿਹੇ ਮਾਂ ਬਣੀ ਅਨੂ ਕੁਝ ਮਹੀਨੇ ਪਹਿਲਾਂ ਇਸ ਖੇਤਰ ’ਚ ਚਲੀ ਗਈ ਸੀ। ਉਨ੍ਹਾਂ ਕਿਹਾ, ‘‘ਜਦੋਂ ਅਸੀਂ ਇੱਥੇ ਆਏ ਸੀ ਤਾਂ ਅਜਿਹਾ ਲਗਦਾ ਸੀ ਕਿ ਇਹ ਇਲਾਵਾ ਬਹੁਤ ਸੁਰੱਖਿਅਤ ਸੀ, ਪਰ ਹੁਣ ਅਜਿਹਾ ਨਹੀਂ ਜਾਪਦਾ।’’

ਅਨੂ ਦੇ ਪਤੀ ਰਾਮ ਨੇ ਕਿਹਾ, ‘‘ਸਾਡੇ ਕੋਲ ਇਕ ਕੁੱਤਾ ਹੈ, ਪਰ ਮੈਂ ਅਪਣੀ ਸੁਰੱਖਿਆ ਲਈ ਇਕ ਹੋਰ ਕੁੱਤਾ, ਇਕ ਗਾਰਡ ਕੁੱਤਾ ਲੈਣ ਬਾਰੇ ਸੋਚ ਰਿਹਾ ਹਾਂ।’’ ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ ਹੁਣ ਅਪਣੇ ਘਰੇਲੂ ਸੁਰੱਖਿਆ ਉਪਾਅ ਦੇ ਹਿੱਸੇ ਵਜੋਂ ਮਿਰਚ ਸਪਰੇਅ ਵਰਗੇ ਗੈਰ-ਘਾਤਕ ਹਥਿਆਰਾਂ ਦੇ ਨਾਲ-ਨਾਲ ਸੁਰੱਖਿਆ ਕੈਮਰੇ ਵੀ ਲਗਾਏ ਹਨ, ਜਿਸ ’ਤੇ ਉਸ ਨੇ ਹਜ਼ਾਰਾਂ ਡਾਲਰ ਖਰਚ ਕੀਤੇ ਹਨ। ਰਾਮ ਨੇ ਕਿਹਾ, ‘‘ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਅਜੇ ਅਮਰੀਕੀ ਨਾਗਰਿਕ ਨਹੀਂ ਬਣੇ ਹਨ, ਇਸ ਲਈ ਅਪਣੇ ਕੋਲ ਹ ਹਥਿਆਰ ਰਖ ਸਕਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’’