ਬਰੈਂਪਟਨ, ਉਨਟਾਰੀਓ ( ਕੁਲਤਰਨ ਸਿੰਘ ਪਧਿਆਣਾ ) : ਉਨਟਾਰੀਓ ਦੇ ਸ਼ਹਿਰ ਬਰੈਂਪਟਨ ਵਿਖੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਨਜਦੀਕੀ ਇੰਦਰਜੀਤ ਸਿੰਘ ਗੋਸਲ ਦੇ ਨਿਰਮਾਣ ਅਧੀਨ ਘਰ ‘ਤੇ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਹਰਦੀਪ ਸਿੰਘ ਨਿੱਝਰ ਦੇ ਅਤਿ ਨਜ਼ਦੀਕੀ ਸਿਮਰਨਜੀਤ ਸਿੰਘ ਦੇ ਸਰੀ ਦੇ ਘਰ ‘ਤੇ ਗੋਲੀਬਾਰੀ ਤੋਂ ਕੁਝ ਦਿਨਾਂ ਬਾਅਦ ਵਾਪਰੀ ਹੈ।
ਜਾਣਕਾਰੀ ਮੁਤਾਬਕ ਲੰਘੇ ਦਿਨ ਬਰੈਂਪਟਨ ‘ਚ ਇੰਦਰਜੀਤ ਸਿੰਘ ਗੋਸਲ ਦੇ ਘਰ ਦੀ ਖਿੜਕੀ ‘ਚ ਗੋਲੀ ਦਾ ਸੁਰਾਖ ਮਿਲਿਆ ਹੈ। ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਪੀਲ ਰੀਜਨਲ ਪੁਲਿਸ ਨੇ ਪੁਸ਼ਟੀ ਕੀਤੀ ਕਿ ਗੋਲੀ ਦਾ ਸੁਰਾਖ ਮਿਲਿਆ ਹੈ ਤੇ ਇੱਕ ਤੋਂ ਵੱਧ ਗੋਲੀਆਂ ਚੱਲੀਆਂ ਹੋ ਸਕਦੀਆਂ ਹਨ।ਗੋਲੀਬਾਰੀ ਦੀਆਂ ਘਟਨਾਵਾਂ ਅਜਿਹੇ ਸਮੇਂ ‘ਚ ਆਈਆਂ ਹਨ ਜਦੋਂ ਭਾਰਤ ਅਤੇ ਕੈਨੇਡਾ ਨੇ ਇਕ ਦੂਜੇ ‘ਤੇ ‘ਅੰਦਰੂਨੀ ਮਾਮਲਿਆਂ’ ‘ਚ ਦਖਲ ਦੇਣ ਦਾ ਦੋਸ਼ ਲਗਾਇਆ ਹੈ। ਇੰਦਰਜੀਤ ਸਿੰਘ ਗੋਸਲ ਨੇ ਕਿਹਾ ਹੈ ਕਿ ਇਹ ਕਾਰਵਾਈਆਂ ਉਨਾਂ ਤੇ ਦਬਾਅ ਬਣਾਉਣ ਲਈ ਕੀਤੀਆਂ ਜਾ ਰਹੀਆਂ ਹਨ।