ਕੈਨੇਡਾ ਜਾਣ ਦਾ ਸੁਪਨਾ ਦੇਖਣ ਵਾਲੇ ਲੋਕ ਅਕਸਰ ਉੱਥੋਂ ਦੀਆਂ ਸਹੂਲਤਾਂ, ਵਧੀਆ ਜੀਵਨ ਪੱਧਰ ਅਤੇ ਮੁਫ਼ਤ ਜਾਂ ਸਰਕਾਰੀ ਸਿਹਤ ਸੇਵਾਵਾਂ ਦੀ ਗੱਲ ਕਰਦੇ ਹਨ… ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਕੈਨੇਡਾ ਵਿੱਚ ਲੱਖਾਂ ਲੋਕਾਂ ਨੂੰ ਆਪਣਾ ਫੈਮਿਲੀ ਡਾਕਟਰ ਤੱਕ ਨਹੀਂ ਮਿਲ ਰਿਹਾ ਅਤੇ ਡਾਕਟਰ ਦੀ ਅਪਾਇੰਟਮੈਂਟ ਲੈਣ ਲਈ ਵੀ ਕਈ ਵਾਰ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਤਾਂ ਤੁਸੀਂ ਕੀ ਕਹੋਗੇ? ਜੀ ਹਾਂ! ਕੈਨੇਡਾ ਦੇ ਹੈਲਥਕੇਅਰ ਸਿਸਟਮ ਨੂੰ ਲੈ ਕੇ ਇੱਕ ਨਵੀਂ ਰਿਪੋਰਟ ਵਿੱਚ ਅਜਿਹੇ ਅੰਕੜੇ ਸਾਹਮਣੇ ਆਏ ਹਨ, ਜੋ ਉੱਥੋਂ ਦੀਆਂ ਸਿਹਤ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ‘ਤੇ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ। ਦਰਅਸਲ, ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਰਮੇਸ਼ਨ ਯਾਨੀ CIHI ਦੀ ਰਿਪੋਰਟ ਮੁਤਾਬਕ ਸਾਲ 2025 ਦੌਰਾਨ ਕੈਨੇਡਾ ਵਿੱਚ 83 ਫ਼ੀਸਦੀ ਬਾਲਗਾਂ ਅਤੇ 89 ਫ਼ੀਸਦੀ ਬੱਚਿਆਂ ਕੋਲ ਮੁੱਢਲੀਆਂ ਸਿਹਤ ਸੇਵਾਵਾਂ ਲਈ ਕੋਈ ਨਾ ਕੋਈ ਸਿਹਤ ਸੇਵਾ ਪ੍ਰਦਾਤਾ ਮੌਜੂਦ ਸੀ। ਪਰ ਦੂਜੇ ਪਾਸੇ ਲਗਭਗ 60 ਲੱਖ ਕੈਨੇਡੀਅਨਾਂ ਕੋਲ ਨਿਯਮਤ ਸਿਹਤ ਸੇਵਾਵਾਂ ਲੈਣ ਲਈ ਕੋਈ ਪੱਕਾ ਪ੍ਰਬੰਧ ਨਹੀਂ ਹੈ। ਯਾਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਿਮਾਰ ਹੋਣ ‘ਤੇ ਇਲਾਜ ਲਈ ਢੁਕਵੀਂ ਸਿਹਤ ਸੇਵਾ ਤੱਕ ਪਹੁੰਚ ਬਣਾਉਣ ਵਿੱਚ ਮੁਸ਼ਕਲ ਆ ਰਹੀ ਹੈ।
ਰਿਪੋਰਟ ਦਾ ਇੱਕ ਹੋਰ ਹੈਰਾਨ ਕਰਨ ਵਾਲਾ ਪਹਿਲੂ ਡਾਕਟਰਾਂ ਦੀ ਅਪਾਇੰਟਮੈਂਟ ਨਾਲ ਜੁੜਿਆ ਹੋਇਆ ਹੈ। ਜਿਨ੍ਹਾਂ ਲੋਕਾਂ ਕੋਲ ਫੈਮਿਲੀ ਡਾਕਟਰ ਮੌਜੂਦ ਹਨ, ਉਨ੍ਹਾਂ ਵਿੱਚੋਂ ਸਿਰਫ਼ 26 ਫ਼ੀਸਦੀ ਬਾਲਗਾਂ ਨੂੰ ਹੀ ਲੋੜ ਪੈਣ ‘ਤੇ ਉਸੇ ਦਿਨ ਜਾਂ ਅਗਲੇ ਦਿਨ ਡਾਕਟਰ ਨੂੰ ਮਿਲਣ ਦਾ ਸਮਾਂ ਮਿਲ ਸਕਿਆ। ਜਦਕਿ ਬੱਚਿਆਂ ਦੇ ਮਾਮਲੇ ਵਿੱਚ ਇਹ ਅੰਕੜਾ 41 ਫ਼ੀਸਦੀ ਰਿਹਾ। ਇਸ ਦਾ ਮਤਲਬ ਹੈ ਕਿ ਫੈਮਿਲੀ ਡਾਕਟਰ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਤੁਰੰਤ ਡਾਕਟਰੀ ਸਲਾਹ ਲੈਣ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਰਿਪੋਰਟ ਵਿੱਚ ਸਿਰਫ਼ ਡਾਕਟਰਾਂ ਦੀ ਘਾਟ ਜਾਂ ਅਪਾਇੰਟਮੈਂਟ ਵਿੱਚ ਦੇਰੀ ਦਾ ਮੁੱਦਾ ਹੀ ਨਹੀਂ ਉੱਠਿਆ, ਸਗੋਂ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਆਰਥਿਕ ਅਤੇ ਨਸਲੀ ਅਸਮਾਨਤਾ ਵੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਘੱਟ ਆਮਦਨ ਵਾਲੇ ਲੋਕਾਂ ਦੇ ਨਾਲ-ਨਾਲ ਕਾਲੇ ਅਤੇ ਲਾਤੀਨੀ ਅਮਰੀਕੀ ਭਾਈਚਾਰਿਆਂ ਦੇ ਲੋਕਾਂ ਵਿੱਚ ਫੈਮਿਲੀ ਡਾਕਟਰ ਤੱਕ ਪਹੁੰਚ ਦੀ ਦਰ ਵੀ ਘੱਟ ਪਾਈ ਗਈ ਹੈ।
ਯਾਨੀ ਕੈਨੇਡਾ ਵਿੱਚ ਹਰ ਵਿਅਕਤੀ ਨੂੰ ਸਿਹਤ ਸੇਵਾਵਾਂ ਤੱਕ ਇੱਕੋ ਜਿਹੀ ਪਹੁੰਚ ਨਹੀਂ ਮਿਲ ਰਹੀ।ਰਿਪੋਰਟ ਦਾ ਇੱਕ ਹੋਰ ਅਹਿਮ ਨੁਕਤਾ ਇਹ ਹੈ ਕਿ ਘੱਟ ਆਮਦਨ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਅਜਿਹੀਆਂ ਬਿਮਾਰੀਆਂ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਵਧੇਰੇ ਹੈ, ਜਿਨ੍ਹਾਂ ਦਾ ਸਮੇਂ ਸਿਰ ਮੁੱਢਲੀਆਂ ਸਿਹਤ ਸੇਵਾਵਾਂ ਰਾਹੀਂ ਇਲਾਜ ਕੀਤਾ ਜਾ ਸਕਦਾ ਸੀ। ਮਾਹਿਰਾਂ ਲਈ ਇਹ ਸਥਿਤੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਜੇਕਰ ਲੋਕਾਂ ਨੂੰ ਸ਼ੁਰੂਆਤੀ ਪੱਧਰ ‘ਤੇ ਹੀ ਸਹੀ ਡਾਕਟਰੀ ਸਹੂਲਤ ਮਿਲੇ ਤਾਂ ਕਈ ਗੰਭੀਰ ਸਥਿਤੀਆਂ ਤੋਂ ਬਚਿਆ ਜਾ ਸਕਦਾ ਹੈ। ਕੁੱਲ ਮਿਲਾ ਕੇ ਕੈਨੇਡਾ ਦੀ ਇਸ ਰਿਪੋਰਟ ਨੇ ਸਿਹਤ ਸੇਵਾਵਾਂ ਦੀ ਪਹੁੰਚ, ਡਾਕਟਰਾਂ ਦੀ ਉਪਲਬਧਤਾ ਅਤੇ ਆਰਥਿਕ ਅਸਮਾਨਤਾ ਵਰਗੇ ਕਈ ਅਹਿਮ ਮੁੱਦਿਆਂ ਨੂੰ ਉਜਾਗਰ ਕੀਤਾ ਹੈ। ਹੁਣ ਸਵਾਲ ਇਹ ਹੈ ਕਿ ਕੈਨੇਡਾ ਸਰਕਾਰ ਲੱਖਾਂ ਲੋਕਾਂ ਨੂੰ ਸਮੇਂ ਸਿਰ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੀ ਕਦਮ ਚੁੱਕਦੀ ਹੈ।
