ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਇੱਕ ਵੱਡੀ ਧੋਖਾਧੜੀ ਸਾਹਮਣੇ ਆਈ ਹੈ। ਐਕਸਪ੍ਰੈੱਸ ਐਂਟਰੀ ਦੀ ਫ੍ਰੈਂਚ ਲੈਂਗੂਏਜ ਪ੍ਰੋਫੀਸ਼ੈਂਸੀ ਕੈਟਾਗਰੀ ਵਿੱਚ ਲੋਕ ਟੀਈਐਫ (TEF), ਟੀਸੀਐਫ (TCF) ਅਤੇ ਟੀਆਰਐਫ (TRF) ਵਰਗੇ ਫ੍ਰੈਂਚ ਭਾਸ਼ਾ ਟੈਸਟਾਂ ਦੇ ਜਾਲੀ ਸਰਟੀਫਿਕੇਟ ਖਰੀਦ ਕੇ ਆਪਣਾ CRS ਸਕੋਰ ਵਧਾ ਰਹੇ ਸਨ। ਇਸ ਫ੍ਰਾਡ ਨਾਲ ਸਹੀ ਢੰਗ ਨਾਲ ਅਪਲਾਈ ਕਰਨ ਵਾਲਿਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਫ੍ਰੈਂਚ ਡਰਾਅ ਵਿੱਚ ਕੱਟ-ਆਫ ਸਕੋਰ ਬਹੁਤ ਵਧ ਗਏ ਹਨ। ਇਹ ਮੁੱਦਾ ਪਿਛਲੇ ਸਾਲ ਤੋਂ ਲਗਾਤਾਰ ਚਰਚਾ ਵਿੱਚ ਚੱਲ ਰਿਹਾ ਹੈ।
ਇਸ ਫ੍ਰਾਡ ਵਿੱਚ ਲੋਕ ਹਜ਼ਾਰਾਂ ਡਾਲਰ ਖਰਚ ਕਰਕੇ ਫੇਕ ਸਰਟੀਫਿਕੇਟ ਖਰੀਦ ਰਹੇ ਸਨ ਜਾਂ ਪ੍ਰੌਕਸੀ (ਕਿਸੇ ਹੋਰ ਵਿਅਕਤੀ ਰਾਹੀਂ) ਟੈਸਟ ਦਿਵਾ ਰਹੇ ਸਨ। ਬਰੈਂਪਟਨ ਸਮੇਤ ਓਨਟਾਰੀਓ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ, ਜਿੱਥੇ ਕੁਝ ਕੰਸਲਟੈਂਟ ਲੋਕਾਂ ਤੋਂ ਹਜ਼ਾਰਾਂ ਡਾਲਰ ਲੈ ਕੇ ਇਹ “ਸ਼ਾਰਟਕੱਟ” ਮੁਹੱਈਆ ਕਰਵਾ ਰਹੇ ਸਨ।
ਇਸ ਫ੍ਰਾਡ ਨੂੰ ਰੋਕਣ ਲਈ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਸਖ਼ਤੀ ਪਿਛਲੇ ਸਾਲ ਤੋਂ ਵਧਾਈ ਹੋਈ ਹੈ । ਫ੍ਰੈਂਚ ਕੈਟਾਗਰੀ ਵਾਲੀਆਂ ਅਰਜ਼ੀਆਂ ਤੇ ਹੁਣ ਵਿਅਕਤੀਗਤ (ਇਨ-ਪਰਸਨ) ਜਾਂ ਫੋਨ ਇੰਟਰਵਿਊਆਂ ਵਧਾ ਦਿੱਤੀਆਂ ਗਈਆਂ ਹਨ। ਇਨ੍ਹਾਂ ਇੰਟਰਵਿਊਆਂ ਵਿੱਚ ਅਧਿਕਾਰੀ ਅਪਲਾਈ ਕਰਨ ਵਾਲੇ ਤੋਂ ਫ੍ਰੈਂਚ ਭਾਸ਼ਾ ਵਿੱਚ ਗੱਲਬਾਤ ਕਰਕੇ ਚੈੱਕ ਕਰਦੇ ਹਨ ਕਿ ਉਸਦਾ ਟੈਸਟ ਸਰਟੀਫਿਕੇਟ ਅਸਲੀ ਹੈ ਜਾਂ ਨਹੀਂ। ਬਹੁਤ ਸਾਰੇ ਲੋਕ ਇਨ੍ਹਾਂ ਇੰਟਰਵਿਊਆਂ ਵਿੱਚ ਫਸ ਰਹੇ ਹਨ ਜਾਂ ਇੰਟਰਵਿਊ ਦੇਣ ਤੋਂ ਹੁਣ ਭੱਜਿਆ ਜਾ ਰਿਹਾ ਹੈ। ਇਸਦਾ ਮਤਲਬ ਇਹ ਨਿਕਲਦਾ ਹੈ ਕਿ ਕੋਲ ਮੁਹਾਰਤ ਦਾ ਸਰਟੀਫਿਕੇਟ ਤਾਂ ਹੈ ਪਰ ਗੱਲਬਾਤ ਕਰਨ ਦੀ ਹਿੰਮਤ ਨਹੀਂ ਹੈ। ਇਸ ਤਰ੍ਹਾਂ ਦਾ ਫ੍ਰਾਡ ਫੜੇ ਜਾਣ ਤੇ ਇਮੀਗ੍ਰੇਸ਼ਨ ਅਰਜ਼ੀ ਤੁਰੰਤ ਰਿਜੈਕਟ ਹੋ ਜਾਂਦੀ ਹੈ। 5 ਸਾਲ ਲਈ ਕੈਨੇਡਾ ਵਿੱਚ ਐਂਟਰੀ ਬੈਨ ਹੋ ਸਕਦੀ ਹੈ ਜਾਂ (misrepresentation) ਲਈ ਪਹਿਲਾਂ ਮਿਲੀ PR ਜਾਂ ਸਿਟੀਜ਼ਨਸ਼ਿਪ ਵੀ ਰੱਦ ਹੋ ਸਕਦੀ ਹੈ ਅਤੇ ਐਪਲੀਕੇਸ਼ਨ ਫੀਸ ਵੀ ਵਾਪਸ ਨਹੀਂ ਮਿਲਦੀ।
ਇਸ ਮਾਮਲੇ ਨੇ ਐਕਸਪ੍ਰੈੱਸ ਐਂਟਰੀ ਸਿਸਟਮ ਦੀ ਭਰੋਸੇਯੋਗਤਾ ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਸਹੀ ਉਮੀਦਵਾਰ ਇਸ ਫ੍ਰਾਡ ਕਾਰਨ ਨਿਰਾਸ਼ ਹੋ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ IRCC ਇਸ ਨੂੰ ਰੋਕਣ ਲਈ ਹੋਰ ਸਖ਼ਤ ਕਦਮ ਚੁੱਕੇ। ਇਮੀਗ੍ਰੇਸ਼ਨ ਲਈ ਅਪਲਾਈ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਦੇ ਵੀ ਜਾਲੀ ਦਸਤਾਵੇਜ਼ਾਂ ਜਾਂ ਫੇਕ ਟੈਸਟਾਂ ਦੀ ਵਰਤੋਂ ਨਾ ਕਰਨ। ਅਸਲ ਟੈਸਟ ਹੀ ਦਿਓ ਅਤੇ ਆਪਣੀ ਤਿਆਰੀ ਖੁਦ ਕਰੋ। ਫੇਕ ਗੱਲਾਂ ਤੋਂ ਬਚੋ, ਕਿਉਂਕਿ ਇਸ ਨਾਲ ਤੁਹਾਡਾ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ। IRCC ਅਧਿਕਾਰਤ ਵੈੱਬਸਾਈਟ ਤੋਂ ਹੀ ਜਾਣਕਾਰੀ ਲਓ ਅਤੇ ਕਿਸੇ ਵੀ ਸ਼ੱਕੀ ਏਜੰਟ ਤੋਂ ਬਚੋ।
Kultaran Singh Padhiana
